ਚੰਡੀਗੜ੍ਹ : ਗਰਬੀ-ਕਸਬਾ ਨੱਥੂਵਾਲਾ ਗਰਬੀ ਦਾ ਵਸਨੀਕ ਅਤੇ ਕੁਦਰਤ ਨਾਲ ਅਥਾਹ ਪਿਆਰ ਕਰਨ ਵਾਲਾ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ ਭੋਲਾ ਜਿਥੇ ਘੋੜੇ ਘੋੜੀਆਂ, ਨਸਲੀ ਮੱਝਾਂ ਦਾ ਧੰਦਾ ਕਰ ਰਿਹਾ ਹੈ ਉਥੇ ਖੇਤੀਬਾੜੀ ਵੀ ਜੈਵਿਕ ਤਰੀਕੇ ਨਾਲ ਕਰਕੇ ਚੰਗਾ ਖਾਸਾ ਮੁਨਾਫਾ ਕਮਾ ਕੇ ਹੋਰਨਾਂ ਕਿਸਾਨਾਂ ਲਈ ਚਾਨਣਾ ਮੁਨਾਰੇ ਦਾ ਕੰਮ ਕਰ ਰਿਹਾ ਹੈ। ਕੁਦਰਤੀ ਖੇਤੀ ਅਪਣਾ ਰਹੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਜੈਵਿਕ ਖੇਤੀ ਨੂੰ ਅਪਣਾਇਆ ਸੀ।
ਪਹਿਲਾਂ ਆਪਣੀ ਜ਼ਮੀਨ ਵਿਚ ਗਵਾਰੀ ਦੀ ਫ਼ਸਲ ਬੀਜ ਕੇ ਉਪਰੰਤ ਕਣਕ ਦੀ ਫ਼ਸਲ ਦਾ ਪ੍ਰਤੀ ਏਕੜ 62 ਮਣ ਝਾੜ ਪ੍ਰਾਪਤ ਕੀਤਾ ਅਤੇ ਹੁਣ ਝੋਨੇ ਤੇ ਕਣਕ ਦੀਆਂ ਵੱਖ ਵੱਖ ਕਿਸਮ ਦੀਆਂ ਫ਼ਸਲਾਂ ਬੀਜ ਕੇ ਬਗੈਰ ਕਿਸੇ ਖਾਦ, ਸਪਰੇਅ ਤੋਂ ਜੈਵਿਕ ਤਰੀਕੇ ਨਾਲ ਫ਼ਸਲ ਪੈਦਾ ਕਰ ਰਿਹਾ ਹਾਂ। ਕਿਸਾਨ ਅਮਰਜੀਤ ਸਿੰਘ ਭੋਲਾ ਨੇ ਕਿਹਾ ਕਿ ਉਹ ਪਿਛਲੇ 4 ਸਾਲ ਤੋਂ ਜੈਵਿਕ ਖੇਤੀ ਰਾਹੀਂ ਫ਼ਸਲਾਂ ਪੈਦਾ ਕਰ ਰਿਹਾ ਹੈ ਪਰ ਅਜੇ ਤੱਕ ਉਸ ਦੇ ਕਿਸੇ ਵੀ ਫ਼ਸਲ ਨੂੰ ਕੋਈ ਭਿਆਨਕ ਬਿਮਾਰੀ ਨਹੀਂ ਪਈ।
ਉਹ ਰੂੜੀ ਦੀ ਖਾਦ ਪ੍ਰਤੀ ਏਕੜ 5 ਟਰਾਲੀਆਂ ਦੀ ਵਰਤੋਂ ਕਰਦਾ ਹੈ। ਨਹਿਰੀ ਪਾਣੀ ਤੋਂ ਇਲਾਵਾ ਉਸ ਦਾ 500 ਫੁੱਟ ਡੂੰਘਾ ਬੋਰ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਘਰ 'ਚ ਗੋਬਰ ਗੈਸ ਪਲਾਂਟ ਵੀ ਲਗਾਇਆ ਹੋਇਆ ਹੈ, ਜੋ ਰਸੋਈ ਗੈਸ ਪੈਦਾ ਕਰਨ ਦੇ ਨਾਲ ਚੰਗੀ ਖਾਦ ਦਾ ਵੀ ਜ਼ਰੀਆ ਹੈ। ਇਸ ਜੈਵਿਕ ਖੇਤੀ ਦੇ ਨਾਲ-ਨਾਲ ਉਸ ਨੇ ਚੰਗੀ ਨਸਲ ਦੇ ਨੁਕਰਾ, ਮਾਰਵਾੜੀ 30 ਨਗਰ ਘੋੜੇ ਘੋੜੀਆਂ ਅਤੇ ਚੰਗੀ ਨਸਲ ਦੀ ਨੀਲੀ ਰਾਵੀ ਤੇ ਮੁਹਰਾ ਮੱਝਾਂ, ਝੋਟੀਆਂ ਅਤੇ ਝੋਟੇ ਰੱਖੇ ਹੋਏ ਹਨ ਜੋ ਵੱਖ-ਵੱਖ ਮੇਲਿਆਂ ਤੋਂ ਕਈ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।
ਕਿਸਾਨ ਅਮਰਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਥੇ ਜੈਵਿਕ ਖੇਤੀ ਨੂੰ ਅਪਣਾਉਣ ਉਥੇ ਸਹਾਇਕ ਧੰਦੇ ਵੀ ਨਾਲੋ-ਨਾਲ ਅਪਣਾਉਣ ਤਾਂ ਹੀ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin