ਚੰਡੀਗੜ੍ਹ: ਕਣਕ ਤੋਂ ਚੰਗਾ ਝਾੜ ਲੈਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ ਅਤੇ ਇੱਕੋ ਕਿਸਮ ਹੇਠ ਸਾਰਾ ਰਕਬਾ ਨਹੀਂ ਲਿਆਉਣਾ ਚਾਹੀਦਾ। ਗ਼ੈਰ-ਪ੍ਰਮਾਣਿਤ ਕਿਸਮਾਂ ’ਤੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦੇ ਵਧੇਰੇ ਹਮਲਾ ਦਾ ਡਰ ਹੁੰਦਾ ਹੈ। ਪੀ ਬੀ ਡਬਲਯੂ 725 ਕਣਕ ਦੀ ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਸਿਫ਼ਾਰਸ਼ ਕੀਤੀ ਗਈ ਨਵੀਂ ਕਿਸਮ ਹੈ। ਇਸ ਦਾ ਔਸਤ ਝਾੜ 22.9 ਕੁਇੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 677 ਅਤੇ ਐਚ ਡੀ 3086 ਕਿਸਮਾਂ ਨੂੰ ਪਿਛਲੇ ਸਾਲ ਮਾਨਤਾ ਦਿੱਤੀ ਗਈ ਸੀ।


ਇਨ੍ਹਾਂ ਕਿਸਮਾਂ ਦਾ ਔਸਤ ਝਾੜ ਕ੍ਰਮਵਾਰ 22.4 ਅਤੇ 23.0 ਕੁਇੰਟਲ ਪ੍ਰਤੀ ਏਕੜ ਹੈ। ਇਹ ਤਿੰਨ ਕਿਸਮਾਂ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਸਾਰਾ ਬੀਜ ਨਵਾਂ ਖ਼ਰੀਦਣ ਦੀ ਬਜਾਏ ਇੱਕ ਥੈਲੀ ਬੁਨਿਆਦੀ ਜਾਂ ਤਸਦੀਕਸ਼ੁਦਾ ਬੀਜ ਦੀ ਖ਼ਰੀਦ ਕਰਕੇ ਆਪਣੀ ਲੋੜ ਮੁਤਾਬਿਕ ਵਧਾਇਆ ਜਾ ਸਕਦਾ ਹੈ। ਇਸ ਤਰ੍ਹਾਂ ਬੀਜ ਉੱਤੇ ਖ਼ਰਚਾ ਘਟਦਾ ਹੈ ਅਤੇ ਤਸਦੀਕਸ਼ੁਦਾ ਬੀਜ ਜ਼ਿਆਦਾ ਕਿਸਾਨਾਂ ਤਕ ਪਹੁੰਚ ਸਕਦਾ ਹੈ।


ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ’ਤੇ ਹੀ ਕਰਨੀ ਚਾਹੀਦੀ ਹੈ। ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਉਪਰੰਤ ਆਪਣੇ ਨੇੜਲੀ ਭੋਂ-ਪਰਖ ਪ੍ਰਯੋਗਸ਼ਾਲਾ ਤੋਂ ਇਸ ਦੀ ਪਰਖ ਜ਼ਰੂਰ ਕਰਵਾਓ। ਕਣਕ ਦੇ ਬੀਜ ਨੂੰ ਕਨਸ਼ੋਰਸੀਅਮ ਜੀਵਾਣੂ ਖਾਦ ਦਾ ਟੀਕਾ ਲਾਉਣ ਨਾਲ ਫ਼ਸਲ ਦਾ ਝਾੜ ਵਧਦਾ ਹੈ ਅਤੇ ਜ਼ਮੀਨ ਦੀ ਉਪਯਾਊ ਸ਼ਕਤੀ ਵਿੱਚ ਵੀ ਸੁਧਾਰ ਆਉਂਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਈਕਰੋਬਾਈਓਲੋਜੀ ਵਿਭਾਗ ਜਾਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਬੁਕਿੰਗ ਕਰਵਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।


ਕਣਕ ਦੀ ਬਿਜਾਈ ਦਾ ਦੋ-ਤਰਫਾ ਢੰਗ ਅਪਣਾਉਣ ਨਾਲ ਪ੍ਰਤੀ ਏਕੜ ਦੋ ਕੁਇੰਟਲ ਝਾੜ ਵੱਧ ਲਿਆ ਜਾ ਸਕਦਾ ਹੈ ਅਤੇ ਬਿਜਾਈ ’ਤੇ ਕੀਤਾ ਖ਼ਰਚਾ ਘਟਦਾ ਹੈ। ਕਣਕ ਵਿੱਚ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਦੀ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਦੀ ਸਮੱਸਿਆ ਆਉਂਦੀ ਹੋਵੇ, ਉੱਥੇ ਪੈਂਡੀਮੈਥਾਲਿਨ 30 ਈਸੀ (ਸਟੌਂਪ/ਦੋਸਤ/ਮਾਰਕਪੈਂਡੀ/ਪੈਂਡਾ) ਜਾਂ ਟਰਾਈਫਲਰਾਲਿਨੂ 48 ਈਸੀ (ਟਰੈਫਲਾਨ/ਟਰੈਮਰ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਛਿੜਕਾਅ ਕਰਕੇ ਇਸ ਦੀ ਅਸਰਦਾਰ ਰੋਕਥਾਮ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਲਈ ਜ਼ਮੀਨ ਵਿੱਚ ਢੁਕਵੀਂ ਨਮੀ ਦਾ ਹੋਣਾ ਜ਼ਰੂਰੀ ਹੁੰਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904