ਚੰਡੀਗੜ੍ਹ: ਪੁਰਾਣੇ ਸਮੇਂ ਵਿੱਚ ਕਿਸਾਨੀ ਕਿੱਤਾ ਇੱਕ ਇੱਕਲਾ ਅਤੇ ਦੋ ਗਿਆਰਾਂ ਦੇ ਸਿਧਾਂਤ ਉੱਤੇ ਖੜ੍ਹਾ ਸੀ। ਇਸ ਲਈ ਸਾਂਝਾ ਪਰਿਵਾਰ ਕਿਸਾਨੀ ਅਤੇ ਖੇਤੀ ਦੇ ਸਾਰੇ ਕੋਨੇ ਸੰਭਾਲ ਕੇ ਕਿਸਾਨ ਲਈ ਵਰਦਾਨ ਹੁੰਦਾ ਸੀ।  ਸਾਡੇ ਵਿਰਸੇ ਦੀਆਂ ਬਹੁਤੀਆਂ ਚੀਜ਼ਾਂ ਬੀਤੇ ਦੀ ਕਹਾਣੀ ਬਣ ਗਈਆਂ ਹਨ ਜਿਨ੍ਹਾਂ ਵਿੱਚੋਂ ਸਾਂਝਾ ਪਰਿਵਾਰ ਵੀ ਇੱਕ ਹੈ। ਸਾਂਝੇ ਪਰਿਵਾਰ ਵਿੱਚ ਇੱਕ ਬਜ਼ੁਰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਾਰੇ ਕੰਮ ਕਾਰ ਹੁੰਦੇ ਸਨ। ਸਾਂਝਾ ਪਰਿਵਾਰ ਸਮਾਜਿਕ ਸੁਰੱਖਿਆ, ਖ਼ੁਸ਼ਹਾਲੀ ਅਤੇ ਭਾਈਚਾਰਕ  ਏਕਤਾ ਦੀ ਜਿਉਂਦੀ ਜਾਗਦੀ ਮਿਸਾਲ ਸੀ। ਸੁਵੱਖਤੇ ਉੱਠ ਕੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮ ਵਿੱਚ ਲੱਗ ਜਾਂਦੇ ਸਨ ਜੋ ਆਥਣੇ ਬਾਣ ਵਾਲੇ ਮੰਜੇ ’ਤੇ ਸੌਣ ਤਕ ਜਾਰੀ ਰਹਿੰਦੇ ਸਨ।


ਸਾਂਝਾ ਪਰਿਵਾਰ ਨਰੋਏ ਸਮਾਜ ਦੀ ਆਧਾਰਸ਼ਿਲਾ ਸੀ। ਸਾਂਝੇ ਪਰਿਵਾਰ ਵਿੱਚੋਂ ਸੰਸਕਾਰਾਂ, ਪਹਿਰਾਵੇ ਅਤੇ ਬੋਲੀ ਦਾ ਮੁੱਢ ਬੱਝਦਾ ਸੀ ਅਤੇ ਸਾਂਝੇ ਪਰਿਵਾਰ ਵਿੱਚ  ਦਾਦੇ ਦਾਦੀ, ਚਾਚੇ ਚਾਚੀ, ਤਾਇਆ ਤਾਈ ਅਤੇ ਮਾਂ ਪਿਉਂ ਤੋਂ ਮਿਲੀ ਗੁਣਾਂ ਦੀ ਗੁਥਲੀ ਧੀ ਨੂੰ ਸਹੁਰੇ ਪਰਿਵਾਰ  ਵਿੱਚ ਵੀ ਮਾਣ ਦਿਵਾਉਂਦੀ ਸੀ। ਸਾਂਝੇ ਪਰਿਵਾਰ ਵਿੱਚ ਸਵੇਰੇ ਚਾਟੀ ’ਚ ਮਧਾਣੀ ਪਾਉਣ ਤੋਂ ਲੈ ਕੇ ਘਰ ਦੀਆਂ ਸੁਆਣੀਆਂ ਆਪਣੇ ਕੰਮ ਕਾਰ ਸੰਭਾਲ ਲੈਂਦੀਆਂ ਸਨ। ਘਰ ਦੇ ਆਦਮੀ ਬਾਹਰ ਦੇ ਕੰਮ ਕਰਦੇ ਸਨ। ਖੇਤਾਂ ਵਿੱਚ ਭੱਤਾ ਲੈ ਕੇ ਜਾਣਾ, ਆਟਾ ਗੁੰਨ੍ਹ ਕੇ ਚੁੱਲ੍ਹੇ ਚੌਂਕੇ ਦਾ ਕੰਮ ਕਰਨਾ, ਰਾਤ ਨੂੰ ਚੁੱਲ੍ਹੇ ਵਿੱਚ ਦੱਬੀ ਅੱਗ ਸਵੇਰੇ ਬਾਲਣੀ ਆਦਿ ਘਰ ਦੀਆਂ ਔਰਤਾਂ ਦੇ ਹਿੱਸੇ ਹੁੰਦਾ ਸੀ। ਸਾਂਝੇ ਪਰਿਵਾਰ ਦਾ ਸ਼ਿੰਗਾਰ ਘਰ ਦਾ ਮੁਖੀ ਹੁੰਦਾ ਸੀ।


ਘਰ ਦੀਆਂ ਸੁਆਣੀਆਂ ਹਾਲੀ ਅਤੇ ਪਾਲੀ ਦੇ ਕੰਮ ਵਿੱਚ ਹੱਥ ਵਟਾਉਂਦੀਆਂ ਸਨ। ਸਵੇਰੇ ਤੋਂ ਸ਼ਾਮ ਤਕ ਘਰ ਦਾ ਹਰੇਕ ਬੰਦਾ ਆਪਣੇ ਆਪਣੇ ਕੰਮ ਕਾਰ ਵਿੱਚ ਲੱਗਿਆ ਰਹਿੰਦਾ ਸੀ। ਇਸ ਤੋਂ ਇਲਾਵਾ ਪਰਿਵਾਰ ਦਾ ਹਰ ਜੀਅ ਘਰੇਲੂ ਕੰਮਾਂ ਵਿੱਚ ਹੱਥ ਵਟਾਉਣ ਲਈ ਤਤਪਰ ਰਹਿੰਦਾ ਸੀ। ਸਾਂਝੇ ਪਰਿਵਾਰ ਵਿੱਚ ਮਿੱਤਰ ਨੂੰ ਆਸ ਅਤੇ ਦੁਸ਼ਮਣ ਨੂੰ ਭੈਅ ਹੁੰਦਾ ਸੀ। ਖੂੰਡੇ ਵਾਲਾ ਸਰਦਾਰ ਜਿਸ ਦਾ ਘਰ ਵਿੱਚ ਸਤਿਕਾਰ ਹੁੰਦਾ ਸੀ, ਉਸ ਤੋਂ ਸਾਰਾ ਪਰਿਵਾਰ ਡਰਦਾ ਸੀ। ਸੁੱਖ ਦੁੱਖ ਵਿੱਚ ਸ਼ਰੀਕ ਹੋਣ ਲਈ ਸਾਂਝੇ ਪਰਿਵਾਰ ਵਿੱਚੋਂ  ਦੋ ਤਿੰਨ ਬੰਦੇ ਸਮਾਂ ਜ਼ਰੂਰ ਕੱਢਦੇ ਸਨ, ਪਰ ਅੱਜ ਛੋਟੇ ਪਰਿਵਾਰ ਹੋਣ ਕਰਕੇ ਕਿਸੇ ਕੋਲ ਸਮਾਂ ਹੀ ਨਹੀਂ ਰਿਹਾ।


ਸਾਂਝੇ ਪਰਿਵਾਰ ਵਿੱਚ ਦੋ ਚਾਰ ਮੈਂਬਰ ਘਰ ਰਹਿੰਦੇ ਸਨ ਜਿਸ ਨਾਲ ਘਰ ਦੀ ਸਰੁੱਖਿਆ ਯਕੀਨੀ  ਰਹਿੰਦੀ ਸੀ। ਘਰ ਦਾ ਇੱਕ ਮੈਂਬਰ ਬੱਚੇ ਸਾਂਭਦਾ, ਦੂਜਾ ਹੋਰ ਕੰਮ ਕਾਰ ਕਰ ਲੈਂਦਾ ਤੇ ਤੀਜੇ ਪਸ਼ੂ ਸਾਂਭ ਲੈਂਦਾ। ਤਰਤੀਬ ਅਨੁਸਾਰ ਸਾਰਾ ਦਿਨ ਸੁੱਖੀ ਸਾਂਦੀ ਖ਼ੁਸ਼ੀ ਖ਼ੁਸ਼ੀ ਗੁਜ਼ਰ ਜਾਂਦਾ ਸੀ। ਪੱਛਮੀ ਸੱਭਿਆਚਾਰ ਨੇ ਸਾਂਝੇ ਪਰਿਵਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਈਰਖਾ, ਕਿਸੇ ਦੀ ਈਨ ਨਹੀਂ ਮੰਨਣੀ ਅਤੇ  ਕੰਮ ਚੋਰ ਸੁਭਾਅ ਨੇ ਸਾਂਝੇ ਪਰਿਵਾਰਾਂ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ। ਅੱਜ ਵਿਆਹ ਤੋਂ ਪਹਿਲਾਂ ਹੀ ਸਾਂਝਾ ਪਰਿਵਾਰ ਬੋਝ ਲੱਗਣ ਲੱਗ ਜਾਂਦਾ ਹੈ। ਇਹ ਰੁਝਾਨ ਵੀ ਪਰਿਵਾਰ  ਅਤੇ ਸਮਾਜ ਲਈ ਮਾਰੂ ਸਿੱਧ ਹੋ ਰਿਹਾ ਹੈ।


ਜਦੋਂ ਤੋਂ ਸਾਂਝੇ ਪਰਿਵਾਰ ਖੇਰੂੰ ਖੇਰੂੰ ਹੋਏ ਵਿਰਸੇ ਅਤੇ ਸੱਭਿਆਚਾਰ  ਨੂੰ ਗ੍ਰਹਿਣ ਲੱਗ ਗਿਆ। ਇਸ ਨਾਲ ਜਿੱਥੇ ਕਿਸਾਨੀ ਪ੍ਰਭਾਵਿਤ ਹੋਈ ਹੈ, ਉੱਥੇ ਹੱਸਦਾ ਪੰਜਾਬ ਵੀ ਪ੍ਰਭਾਵਿਤ ਹੋਇਆ ਹੈ। ਮੁੱਕਦੀ ਗੱਲ ਇਹ ਹੈ ਕਿ ਸਾਡੇ ਸ਼ਾਨਾਮੱਤੇ ਵਿਰਸੇ, ਸੱਭਿਆਚਾਰ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ  ਸਾਂਝਾ ਪਰਿਵਾਰ  ਸਾਡੇ ਵਿਰਸੇ ਦੀ ਸੌਗਾਤ ਸਾਂਭੀ ਬੈਠਾ ਸੀ। ਇਸ ਨਾਲ ਖੇਤੀ ਦੇ ਧੰਦੇ ਨੂੰ ਬਲ ਮਿਲਦਾ ਸੀ। ਕਿਸਾਨੀ ਪਰਿਵਾਰਾਂ ਦਾ ਸਮਾਜੀਕਰਨ ਹੋਣ ਦੇ ਨਾਲ -ਨਾਲ ਸਾਂਝਾ ਪਰਿਵਾਰ ਕਿਸਾਨੀ ਧੰਦੇ ਲਈ ਵਰਦਾਨ ਸੀ। ਆਉਣ ਵਾਲੀਆਂ ਪੀੜ੍ਹੀਆਂ ਦਾ ਸਮਾਜੀਕਰਨ ਇਸ ਤਰ੍ਹਾਂ ਹੋ ਰਿਹਾ ਹੈ ਕਿ  ਉਹ ਸਾਂਝੇ ਪਰਿਵਾਰ ਨੂੰ ਪੰਜਾਬੀ ਸਾਹਿਤ ਵਿੱਚ ਹੀ ਲੱਭਿਆ ਕਰਨਗੇ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904