ਚੰਡੀਗੜ੍ਹ : ਕਿਸਾਨਾਂ ਨੂੰ ਆਧੁਨਿਕ ਤਕਨੀਕ ਦੇ ਹਾਣੀ ਬਣਾਉਣ ਦੇ ਉਦੇਸ਼ ਨਾਲ ਅੰਬੂਜਾ ਸੀਮੈਂਟ ਫਾਊਂਡੇਸ਼ਨ ਨੇ ਪੰਜਾਬ ਦੇ 37 ਹਜ਼ਾਰ ਕਿਸਾਨਾਂ ਨੂੰ ਪ੍ਰਗਤੀਸ਼ੀਲ ਬਣਾਉਣ ਦਾ ਟੀਚਾ ਮਿੱਥਿਆ ਹੈ। ਇਸ ਤਹਿਤ ਕਿਸਾਨਾਂ ਨੂੰ ਆਧੁਨਿਕ ਖੇਤੀ ਦੇ ਗੁਰ ਦੱਸੇ ਜਾਣਗੇ। ਫਾਊਂਡੇਸ਼ਨ ਦੇ ਮੁਖੀ ਪਰਲ ਤਿਵਾਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫਾਊਂਡੇਸ਼ਨ ਨੇ ਖੇਤੀਬਾੜੀ ਆਧਾਰਿਤ ਪ੍ਰੋਗਰਾਮਾਂ ਰਾਹੀਂ 24 ਹਜ਼ਾਰ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਕੀਤੀ ਹੈ ਅਤੇ ਆਉਣ ਵਾਲੇ ਤਿੰਨ ਸਾਲਾਂ ਵਿੱਚ ਏਸੀਐਫ ਯੋਜਨਾ ਤਹਿਤ 37 ਹਜ਼ਾਰ ਕਿਸਾਨਾਂ ਤੱਕ ਪਹੁੰਚ ਕੀਤੀ ਜਾਵੇਗੀ।
ਇਸ ਮੌਕੇ ਦੌਰਾਨ ਡੇਅਰੀ ਸਹਿਕਾਰਤਾ ਨੂੰ ਦੁੱਗਣਾ ਕਰਨ ਦੇ ਨਾਲ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੀ ਕਿਸਾਨ ਮੈਂਬਰਸ਼ਿਪ ਵਿੱਚ ਵੀ ਤਿੰਨ ਹਜ਼ਾਰ ਤੱਕ ਦਾ ਵਾਧਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਏਸੀਐਫ ਨੇ ਖੇਤੀਬਾੜੀ ਤਕਨੀਕਾਂ ਵਿੱਚ ਫ਼ਸਲ ਪ੍ਰਬੰਧ ਦੀਆਂ ਵਿਧੀਆਂ ਵਿੱਚ ਸੁਧਾਰ ਲਿਆਉਣ ਲਈ ਅੱਠ ਸਾਲ ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ।