ਚੰਡੀਗੜ੍ਹ : ਪੰਜਾਬ ਦੇ ਵਧੇਰੇ ਕਿਸਾਨ ਜਿੱਥੇ ਕਣਕ ਅਤੇ ਝੋਨੇ ਦੇ ਚੱਕਰ ਤੋਂ ਬਾਹਰ ਨਹੀਂ ਆ ਸਕੇ ਹਨ, ਉੱਥੇ ਹੀ ਦੂਜੇ ਪਾਸੇ ਰੂਪਨਗਰ ਜਿਲ੍ਹੇ ਦੇ ਚਮਕੌਰ ਸਾਹਿਬ ਦੇ ਪਿੰਡ ਸੰਧੂਆਂ ਦੇ ਕਿਸਾਨ ਜਿੰਦਰ ਸਿੰਘ (51) ਨੇ ਖੇਤੀ ਵਿਗਿਆਨੀਆਂ ਦੇ ਮਾਰਗ ਦਰਸ਼ਨ 'ਚ ਖੇਤੀ ਵਿਭਿੰਨਤਾ ਅਪਣਾ ਕੇ ਆਪਣੀ ਆਮਦਨ 'ਚ ਵਾਧਾ ਕੀਤਾ ਹੈ। ਜਿੰਦਰ ਨੇ ਆਪਣੀ 3 ਏਕੜ ਜ਼ਮੀਨ 'ਚ ਫ਼ਸਲੀ ਵਿਭਿੰਨਤਾ ਅਪਣਾ ਕੇ 12 ਲੱਖ ਤੱਕ ਦੀ ਜ਼ਬਰਦਸਤ ਕਮਾਈ ਕੀਤੀ ਹੈ।
ਇਨ੍ਹਾਂ ਹੀ ਨਹੀਂ ਉਨ੍ਹਾਂ ਨੂੰ ਦੇਸ਼ ਦੇ ਮੁੱਖ ਖੇਤੀਬਾੜੀ ਖੋਜ ਸੰਸਥਾ ਆਈ. ਸੀ. ਏ. ਆਰ. ਨੇ ਪੰਡਿਤ ਦੀਨ ਦਿਆਲ ਉਪਾਧਿਆਇ ਖੇਤੀ ਪੁਰਸਕਾਰ-2016 ਨਾਲ ਸਨਮਾਨਿਤ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2011 'ਚ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਨਮਾਨਿਤ ਕੀਤਾ ਸੀ।
ਜਿੰਦਰ ਸਿੰਘ ਨੇ ਦੱਸਿਆ ਕਿ ਸਬਜ਼ੀ ਦੀ ਉੱਚ ਗੁਣਵੱਤਾ ਲਈ ਉਨ੍ਹਾਂ ਨੂੰ 60 ਪੁਰਸਕਾਰ ਮਿਲ ਚੁੱਕੇ ਹਨ। ਉਸ ਦਾ ਇਹ ਸਫ਼ਰ 2002 'ਚ ਖੇਤੀ ਵਿਗਿਆਨ ਕੇਂਦਰ ਵੱਲੋਂ ਰੋਪੜ 'ਚ ਆਯੋਜਿਤ ਇੱਕ ਟਰੇਨਿੰਗ ਕੈਂਪ ਤੋਂ ਸ਼ੁਰੂ ਹੋਇਆ।
ਇਸ ਤੋਂ ਪਹਿਲਾਂ ਉਹ ਰਵਾਇਤੀ ਖੇਤੀ ਹੀ ਕਰਦੇ ਸਨ ਪਰ ਇਸ ਕੈਂਪ 'ਚ ਹਿੱਸਾ ਲੈਣ ਤੋਂ ਬਾਅਦ ਉਨ੍ਹਾਂ ਨੇ ਇੱਕ-ਇੱਕ ਕਨਾਲ 'ਚ ਟਮਾਟਰ, ਹਰੀ ਮਿਰਚ, ਸ਼ਿਮਲਾ ਮਿਰਚ ਦੀ ਖੇਤੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਆਮਦਨ 'ਚ ਜ਼ਬਰਦਸਤ ਵਾਧਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਪਹਿਲਾਂ ਉਨ੍ਹਾਂ ਦਾ ਮਜ਼ਾਕ ਉਡਾਇਆ ਕਰਦੇ ਸਨ, ਹੁਣ ਉਨ੍ਹਾਂ ਤੋਂ ਖੇਤੀ ਦੇ ਗੁਰ ਪੁੱਛਦੇ ਹਨ।