ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੰਗਠਨ ਨੇ ਅੱਜ ਜੰਤਰ-ਮੰਤਰ 'ਤੇ ਭਾਰੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੇਸ਼ ਦੇ ਖੇਤੀ ਮੰਤਰੀ ਨਰੇਂਦਰ ਤੋਮਰ ਨੂੰ ਮੰਗ ਪੱਤਰ ਸੌਂਪਿਆ। ਇਸ ਵਿੱਚ ਕਿਸਾਨਾਂ ਨੇ ਸਰਕਾਰ ਕੋਲ ਆਪਣੀਆਂ ਕਈ ਮੰਗਾਂ ਰੱਖੀਆਂ। ਸਤਲੁਜ ਯਮੁਨਾ ਲਿੰਕ ਨਹਿਰ ਕਿਸਾਨਾਂ ਦੀ ਮੁੱਖ ਮੰਗ ਰਹੀ।


ਕਿਸਾਨਾਂ ਨੇ ਦੱਸਿਆ ਕਿ ਅੱਜ ਸੁਪਰੀਮ ਕੋਰਟ ਪਾਣੀ ਦੇ ਮਸਲੇ ਨੂੰ ਸੁਲਝਾਉਣ ਲਈ ਕਹਿ ਰਹੀ ਹੈ। ਜਦੋਂ ਪਾਣੀ ਦੀ ਵੰਡ ਹੋਈ ਤਾਂ ਹਾਲਾਤ ਵੱਖਰੇ ਸੀ ਪਰ ਹੁਣ ਪਾਣੀ ਦਾ ਪੱਧਰ ਥੱਲੇ ਜਾ ਚੁੱਕਿਆ ਹੈ। ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਸਾਨਾਂ ਨੇ NGT ਕੋਲ ਵੀ ਆਪਣੀ ਦੂਜੀ ਮੰਗ ਰੱਖੀ।


ਕਿਸਾਨਾਂ ਨੇ ਕਿਹਾ ਕਿ NGT ਨੇ ਜੋ ਪਰਾਲੀ ਦਾ ਹੱਲ ਦੱਸਿਆ ਹੈ, ਉਸ ਬਾਰੇ ਕਿਸਾਨਾਂ ਦੀ ਕੋਈ ਆਰਥਕ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ 300 ਰੁਪਏ ਪ੍ਰਤੀ ਏਕੜ ਪਰਾਲੀ ਦਾ ਨਿਬੇੜਾ ਕਰਨ ਲਈ ਆਰਥਕ ਮਦਦ ਦਿੱਤੀ ਜਾਏ।


ਇਸ ਦੇ ਨਾਲ ਹੀ ਕਿਸਾਨਾਂ ਨੇ ਆਵਾਰਾ ਪਸ਼ੂਆਂ ਦੇ ਹੱਲ ਲਈ ਵੀ ਆਪਣੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਵਾਰਾ ਪਸ਼ੂਆਂ ਦਾ ਮਸਲਾ ਗੰਭੀਰ ਹੈ, ਇਸ ਦਾ ਹੱਲ ਹੋਣਾ ਚਾਹੀਦਾ ਹੈ। ਕਿਸਾਨਾਂ ਨੇ ਸਵਾਮੀਨਾਥਨ ਰਿਪੋਰਟ ਬਾਰੇ ਆਪਣੀ ਚੌਥੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਰਿਪੋਰਟ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।