ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Punjab Heatwave: ਦੇਸ਼ ਦੇ ਨਾਲ-ਨਾਲ ਪੰਜਾਬ 'ਚ ਵੀ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਕੁਝ ਸੂਬਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ 'ਚ ਵੀ ਅਪ੍ਰੈਲ ਦੀ ਗਰਮੀ ਨੇ ਲੋਕਾਂ ਨੂੰ ਜੂਨ ਵਰਗਾ ਅਹਿਸਾਸ ਕਰਵਾ ਦਿੱਤਾ ਹੈ। ਲਗਾਤਾਰ ਵਧ ਰਹੀ ਗਰਮੀ ਤੋਂ ਅਗਲੇ ਪੰਜ ਦਿਨਾਂ ਤੱਕ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ। ਵੀਰਵਾਰ ਨੂੰ ਸੂਬੇ ਦਾ ਪਟਿਆਲਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਮੌਸਮ ਵਿਭਾਗ ਨੇ ਵਧਦੀ ਗਰਮੀ ਵਿੱਚ ਲੋਕਾਂ ਨੂੰ ਦੁਪਹਿਰ ਸਮੇਂ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਖੁਸ਼ਕ ਮੌਸਮ ਕਾਰਨ ਅਗਲੇ ਪੰਜ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕਮਜ਼ੋਰ ਪੱਛਮੀ ਗੜਬੜ ਦੇ ਕਾਰਨ ਕੁਝ ਦਿਨਾਂ ਦੌਰਾਨ ਅਸਮਾਨ ਅੰਸ਼ਕ ਤੌਰ 'ਤੇ ਬੱਦਲਵਾਈ ਰਹਿ ਸਕਦਾ ਹੈ ਤੇ ਹਰਿਆਣਾ ਵਿੱਚ ਧੂੜ ਭਰੀ ਹਨੇਰੀ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।


ਦੱਸ ਦਈਏ ਕਿ ਇਸ ਸਾਲ ਦਾ ਮਾਰਚ ਵੀ ਹੋਰਨਾਂ ਸਾਲਾਂ ਦੇ ਮੁਕਾਬਲੇ ਗਰਮ ਮਹੀਨਿਆਂ ਵਿੱਚ ਦਰਜ ਕੀਤਾ ਗਿਆ। ਇਸ ਵਾਰ ਮਾਰਚ ਦਾ ਵੱਧ ਤੋਂ ਵੱਧ ਤਾਪਮਾਨ ਹੋਰਨਾਂ ਸਾਲਾਂ ਨਾਲੋਂ 6 ਤੋਂ 7 ਡਿਗਰੀ ਸੈਲਸੀਅਸ ਵੱਧ ਰਿਹਾ। ਹੁਣ ਹਾਲਾਤ ਆਮ ਵਾਂਗ ਨਹੀਂ ਹੁੰਦੇ ਜਾਪਦੇ।


ਜਾਣੋ ਕੁਝ ਜ਼ਿਲ੍ਹਿਆਂ ਦਾ ਤਾਪਮਾਨ ਦਾ ਕੀ ਰਿਹਾ ਹਾਲ


ਪਟਿਆਲਾ 45.9


ਮੁਕਤਸਰ 44.4


ਅੰਮ੍ਰਿਤਸਰ 44.0


ਬਰਨਾਲਾ 44.0


ਲੁਧਿਆਣਾ 43.2


ਬਠਿੰਡਾ 43.6


ਸ਼ੁੱਕਰਵਾਰ ਨੂੰ ਬਿਜਲੀ ਸਪਲਾਈ 'ਚ ਹੋ ਸਕਦਾ ਸੁਧਾਰ


ਦੂਜੇ ਪਾਸੇ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਕਾਰਨ ਪੈਦਾ ਹੋਇਆ ਰੌਲਾ ਵੀ ਜਲਦੀ ਖ਼ਤਮ ਹੋਣ ਦੀ ਉਮੀਦ ਹੈ। ਪਾਵਰਕੌਮ ਵੱਲੋਂ ਆਪਣੇ ਪੱਧਰ ’ਤੇ ਬਿਜਲੀ ਉਤਪਾਦਨ ਵਿੱਚ ਸੁਧਾਰ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਸੀਐਮਡੀ ਬਲਦੇਵ ਸਰਾਂ ਨੇ ਕਿਹਾ ਹੈ ਕਿ ਤਲਵੰਡੀ ਥਰਮਲ ਦੇ 600 ਮੈਗਾਵਾਟ ਯੂਨਿਟ ਅਤੇ ਰੋਪੜ ਥਰਮਲ ਦੇ 210 ਮੈਗਾਵਾਟ ਯੂਨਿਟ ਵਿੱਚ ਇੱਕੋ ਸਮੇਂ ਵਿੱਚ ਨੁਕਸ ਪੈਣ ਕਾਰਨ ਬਿਜਲੀ ਦੀ ਕਮੀ ਸੀ।


ਸਰਨ ਨੇ ਕਿਹਾ ਕਿ ਰੋਪੜ ਯੂਨਿਟ ਤੋਂ ਵੀਰਵਾਰ ਨੂੰ ਉਤਪਾਦਨ ਸ਼ੁਰੂ ਹੋਣ ਨਾਲ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਤਲਵੰਡੀ ਸਾਬੋ ਯੂਨਿਟ ਵਿੱਚ ਵੀ ਸ਼ੁੱਕਰਵਾਰ ਸਵੇਰ ਤੋਂ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਗਰਮ ਅਤੇ ਖੁਸ਼ਕ ਮੌਸਮ ਕਾਰਨ ਅਪਰੈਲ ਦੌਰਾਨ ਪੰਜਾਬ ਦੀ ਬਿਜਲੀ ਦੀ ਔਸਤ ਮੰਗ ਪਿਛਲੇ ਸਾਲ ਨਾਲੋਂ ਇਸ ਵਾਰ 30-35 ਫੀਸਦੀ ਵੱਧ ਹੈ ਤੇ ਅਸੀਂ ਇਸ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।


ਇਹ ਵੀ ਪੜ੍ਹੋ: Mohalla Clinic in Punjab: ਪੰਜਾਬ 'ਚ ਬਣਾਏ ਜਾਣਗੇ 117 ਮੁਹੱਲਾ ਕਲੀਨਕ, ਸਿਹਤ ਮੰਤਰੀ ਨੇ ਕਿਹਾ, 'ਇਸ ਸਾਲ ਤੋਂ ਮਿਲੇਗਾ ਇਲਾਜ'