Punjab Weather Update : ਪੰਜਾਬ ’ਚ ਚੱਲ ਰਹੀ ਲੂ ਤੇ ਭਿਆਨਕ ਗਰਮੀ ਕਾਰਨ ਸ਼ਨੀਵਾਰ ਨੂੰ ਕਈ ਜ਼ਿਲ੍ਹਿਆਂ ’ਚ ਤਾਪਮਾਨ ਮਈ ਮਹੀਨੇ ’ਚ ਆਪਣੇ ਹੁਣ ਤਕ ਦੇ ਉੱਚ ਪੱਧਰ ’ਤੇ ਪੁੱਜ ਗਿਆ ਹੈ ਤੇ 52 ਸਾਲਾਂ ’ਚ ਪਹਿਲੀ ਵਾਰੀ ਮਈ ਦੇ ਪਹਿਲੇ 15 ਦਿਨਾਂ ’ਚ ਤਾਪਮਾਨ 44.5 ਡਿਗਰੀ ਸੈਲਸੀਅਸ ਤੋਂ ਉੱਪਰ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਪੰਜ ਤੋਂ ਸੱਤ ਡਿਗਰੀ ਸੈਲਸੀਅਸ ਜ਼ਿਆਦਾ ਦਰਜ ਕੀਤਾ ਗਿਆ।


ਸ਼ਚਿਨਰਵਾਰ ਨੂੰ ਮੁਕਤਸਰ ਪੰਜਾਬ ’ਚ ਸਭ ਤੋਂ ਗਰਮ ਰਿਹਾ ਤੇ ਇੱਥੇ ਵੱਧ ਤੋਂ ਵੱਧ ਤਾਪਮਾਨ 46.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡੇ ’ਚ 46, ਅੰਮ੍ਰਿਤਸਰ ’ਚ 45.6, ਫਿਰੋਜ਼ਪੁਰ ’ਚ 45.5, ਹੁਸ਼ਿਆਰਪੁਰ ’ਚ 45.3, ਬਰਨਾਲੇ ’ਚ 45.1 ਤੇ ਲੁਧਿਆਣੇ ’ਚ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ’ਚ ਤਾਪਮਾਨ 44.1 ਤੋਂ 44.6 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ।


ਪੰਜਾਬ ਖੇਤੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ, 1970 ਤੋਂ 2021 (52 ਸਾਲ) ਦੌਰਾਨ ਕਦੇ ਵੀ ਮਈ ਦੇ ਪਹਿਲੇ 15 ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤਕ ਨਹੀਂ ਪੁੱਜਾ। ਵਿਭਾਗ ਦੇ ਰਿਕਾਰਡ ਮੁਤਾਬਕ, ਸਾਲ 2000 ’ਚ 14 ਮਈ ਨੂੰ ਤਾਪਮਾਨ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉੱਥੇ 2004 ’ਚ 14 ਮਈ ਨੂੰ 44.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


ਦਿੱਲੀ ਦੇ ਕੁਝ ਹਿੱਸਿਆਂ ’ਚ ਤਾਪਮਾਨ 47 ਡਿਗਰੀ ਨੂੰ ਵੀ ਪਾਰ ਕਰ ਗਿਆ। ਮੁੰਗੇਸ਼ਪੁਰ ’ਚ ਤਾਪਮਾਨ 47.2 ਡਿਗਰੀ ਸੈਲਸੀਅਸ ਤੇ ਨਜ਼ਫਗੜ੍ਹ ’ਚ 47 ਡਿਗਰੀ ਦਰਜ ਕੀਤਾ ਗਿਆ। ਇਨ੍ਹਾਂ ਥਾਵਾਂ ’ਤੇ ਤਾਪਮਾਨ ਸਾਧਾਰਨ ਤੋਂ ਸੱਤ ਡਿਗਰੀ ਜ਼ਿਆਦਾ ਸੀ। ਸਫਦਰਜੰਗ ’ਚ ਤਾਪਮਾਨ 44.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਸਾਧਾਰਨ ਤੋਂ ਪੰਜ ਡਿਗਰੀ ਜ਼ਿਆਦਾ ਹੈ।