ਬਠਿੰਡਾ: ਬੇਮੌਸਮੇ ਮੀਂਹ ਨੇ ਕਿਸਾਨਾਂ ਨੂੰ ਝੰਜੋੜ ਸੁੱਟਿਆ ਹੈ। ਖੇਤਾਂ ਵਿੱਚ ਪੱਕੀ ਫਸਲ ਖੜ੍ਹੀ ਹੈ ਪਰ ਮੌਸਮ ਸੰਭਲਣ ਨਹੀਂ ਦੇ ਰਿਹਾ। ਮੰਡੀਆਂ ਵਿੱਚ ਕਣਕ ਦੀ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿੱਚ ਪਹੁੰਚ ਕੇ ਵੀ ਨੀਲੀ ਛੱਤ ਥੱਲੇ ਖੁੱਲ੍ਹੇ ਥਾਂ ਪਈ ਕਿਸਾਨਾਂ ਦੀ ਫਸਲ ਸੁਰੱਖਿਅਤ ਨਹੀਂ। ਭਾਵੇਂ ਮੰਡੀਆਂ ਵਿੱਚ ਫਿਲਹਾਲ ਇੱਕਾ-ਦੁੱਕਾ ਕਿਸਾਨਾਂ ਦੀ ਫਸਲ ਹੀ ਪਹੁੰਚੀ ਹੈ ਪਰ ਪਰ ਤੇਜ਼ ਚੱਲਦੀ ਹਵਾ ਤੇ ਬੂੰਦਾ ਬਾਂਦੀ ਨੇ ਕਿਸਾਨਾਂ ਦੇ ਸਾਹ ਸੁਕਾਏ ਹੋਏ ਹਨ।
ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਕੁਝ ਜ਼ਿਆਦਾ ਪ੍ਰਬੰਧ ਨਹੀਂ। ਮੰਡੀਆਂ ਵਿੱਚ ਤੇੜਾਂ ਹੋਣ ਕਾਰਨ ਜ਼ਿਆਦਾਤਰ ਫ਼ਸਲ ਖ਼ਰਾਬ ਹੋ ਰਹੀ ਹੈ। ਸ਼ੈਡਾਂ ਦਾ ਵੀ ਪੂਰੀ ਤਰ੍ਹਾਂ ਪ੍ਰਬੰਧ ਨਹੀਂ। ਲੋਕਾਂ ਨੂੰ ਆਪਣੀ ਫ਼ਸਲ ਬਾਹਰ ਖੁੱਲ੍ਹੇ ਵਿੱਚ ਹੀ ਸੁੱਟਣੀ ਪੈਂਦੀ ਹੈ। ਅਵਾਰਾ ਪਸ਼ੂ ਵੀ ਸ਼ਰੇਆਮ ਘੁੰਮਦੇ ਹਨ।
ਉਧਰ, ਤੇਜ਼ ਹਵਾ ਨੇ ਕਈ ਜਗ੍ਹਾ ਕਣਕ ਦੀ ਖੜ੍ਹੀ ਫਸਲ ਖੇਤਾਂ ਵਿੱਚ ਹੀ ਵਿਛਾ ਦਿੱਤੀ ਹੈ। ਬਠਿੰਡਾ ਦੇ ਵੀ ਕਈ ਇਲਾਕਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੀ ਕਈ ਏਕੜ ਫ਼ਸਲ ਵਿੱਛ ਗਈ ਹੈ। ਹਾਲੇ ਵੀ ਚੱਲਦੀਆਂ ਹਵਾਵਾਂ ਕਾਰਨ ਕਿਸਾਨ ਚਿੰਤਾ ਵਿੱਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਜ਼ਮੀਨ 'ਤੇ ਵਿੱਛ ਚੁੱਕੀ ਕਣਕ ਦੀ ਹਰੀ ਫਸਲ ਨੂੰ ਸਭ ਤੋਂ ਜ਼ਿਆਦਾ ਖਤਰਾ ਹੈ।