ਪਟਿਆਲਾ: ਪਿਛਲੇ 6 ਦਿਨਾਂ ਤੋਂ ਦੋ ਕਿਸਾਨਾਂ ਦੀ ਮੌਤ ਤੋਂ ਬਾਅਦ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ ਚੱਲ ਰਹੇ ਸੰਘਰਸ਼ ਵਿੱਚ ਪ੍ਰਸ਼ਾਸਨ ਨੇ ਗੋਡੇ ਟੇਕ ਦਿੱਤੇ ਹਨ। ਪ੍ਰਸ਼ਾਸਨ ਨੇ ਦੋਵਾਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਮੁਆਵਜ਼ੇ ਦੀ ਮੰਗ ਪ੍ਰਵਾਨ ਕਰ ਲਈ ਹੈ। ਪ੍ਰਸ਼ਾਸਨ ਨੇ ਸਰਕਾਰ ਨੂੰ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਲਈ 1-1 ਸਰਕਾਰੀ ਨੌਕਰੀ ਦੇਣ ਦੀ ਸਿਫਾਰਸ਼ ਵੀ ਕੀਤੀ ਹੈ। ਸਰਕਾਰ ਨੇ ਗੰਭੀਰ ਜ਼ਖ਼ਮੀ ਕਿਸਾਨਾਂ ਲਈ 1-1 ਲੱਖ ਦੇ ਚੈੱਕ ਤੇ ਘੱਟ ਜ਼ਖਮੀ ਕਿਸਾਨਾਂ ਲਈ 25-25 ਹਜ਼ਾਰ ਦੇ ਰਾਸ਼ੀ ਦੇ ਚੈੱਕ ਭੇਜੇ ਹਨ।
ਮਾਨਸਾ ਜ਼ਿਲ੍ਹ ਦੇ ਪਿੰਡ ਖੀਵਾ ਕਲਾਂ ਦੇ ਸੁਰਜੀਤ ਸਿੰਘ ਤੇ ਕਾਹਨਗੜ੍ਹ ਦੇ ਅਜਮੇਰ ਸਿੰਘ ਦੀਆਂ ਲਾਸ਼ਾਂ ਦਾ ਅੱਜ ਉਨ੍ਹਾਂ ਦੇ ਪਿੰਡਾਂ ਵਿੱਚ ਸਸਕਾਰ ਕਰ ਦਿੱਤਾ ਜਾਵੇਗਾ। ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਬੀਤੇ ਕੱਲ੍ਹ ਹੋਏ ਸਮਝੌਤੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ। ਪ੍ਰਸ਼ਾਸਨ 'ਤੇ ਕਿਸਾਨਾਂ ਦੇ ਸੰਘਰਸ਼ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਹਾਲਤ ਵਿਗੜਣ ਕਾਰਨ ਕਾਫੀ ਦਬਾਅ ਬਣ ਗਿਆ ਸੀ।
ਬੀਤੀ 3 ਅਪ੍ਰੈਲ ਨੂੰ ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣ ਮਗਰੋਂ ਮਾਨਸਾ ਵਾਪਸ ਜਾ ਰਹੇ ਕਿਸਾਨਾਂ ਨਾਲ ਬਨੂੜ ਤੇ ਚੰਨੋ ਨੇੜੇ ਦੋ ਵੱਖ-ਵੱਖ ਹਾਦਸੇ ਵਾਪਰੇ ਸਨ, ਜਿਨ੍ਹਾਂ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ ਸਨ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ ਦੇ ਸੁਰਜੀਤ ਸਿੰਘ ਤੇ ਪਿੰਡ ਕਾਹਨਗੜ੍ਹ ਦੇ ਅਜਮੇਰ ਸਿੰਘ ਵਜੋਂ ਹੋਈ ਸੀ। ਇਤਫਾਕ ਨਾਲ ਦੋਵੇਂ ਹਾਦਸੇ ਇੱਕੋ ਤਰ੍ਹਾਂ ਨਾਲ ਕਿਸੇ ਦੂਜੇ ਵਾਹਨ ਵੱਲੋਂ ਫੇਟ ਮਾਰੇ ਜਾਣ ਕਾਰਨ ਵਾਪਰੇ ਸਨ।