ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਹੁਣ ਪੰਜਾਬ ਤੇ ਨੇੜਲੇ ਖੇਤਰ ’ਚ ਹੈ। ਅਗਲੇ ਚੌਵੀ ਘੰਟਿਆਂ ’ਚ ਪੰਜਾਬ, ਹਰਿਆਣਾ ਤੇ ਪੂਰਬੀ ਉੱਤਰ ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਦਕਿ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਜੰਮੂ, ਕਸ਼ਮੀਰ, ਲੱਦਾਖ ਤੇ ਗਿਲਗਿਟ ਤੇ ਬਾਲਟਿਸਤਾਨ, ਹਿਮਾਚਲ ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਤੇ ਬਰਫ਼ਬਾਰੀ ਹੋ ਸਕਦੀ ਹੈ ਜਦਕਿ ਉੱਤਰਖੰਡ ’ਚ ਗੜੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ-ਤਿੰਨ ਦਿਨਾਂ ਵਿੱਚ ਉੱਪਰਲੇ ਤੇ ਹੇਠਲੇ ਤਾਪਮਾਨ ਵਿੱਚ ਵੀ ਕੋਈ ਖਾਸ ਤਬਦੀਲੀ ਨਾ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਜਦਕਿ ਪੱਛਮੀ ਹਿਮਾਲਿਆ ਖੇਤਰ ’ਚ ਕਿਤੇ ਮੀਂਹ ਤੇ ਬਰਫ ਪੈਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਬੇਮੌਸਮੇ ਮੀਂਹ ਤੇ ਗੜਿਆਂ ਕਾਰਨ ਕਣਕ ਤੇ ਹਾੜ੍ਹੀ ਦੀਆਂ ਫ਼ਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ। ਸੂਬੇ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਇਆ ਮੀਂਹ ਸ਼ਨੀਵਾਰ ਦਿਨ ਭਰ ਜਾਰੀ ਰਿਹਾ। ਖੇਤੀਬਾੜੀ ਤੇ ਮੌਸਮ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਤਾਜ਼ਾ ਮੀਂਹ ਨੇ ਸਮੁੱਚੇ ਪੰਜਾਬ ਨੂੰ ਲਪੇਟ ’ਚ ਲੈ ਲਿਆ ਹੈ। ਕਣਕ ਦੀ ਪੱਕਣ ’ਤੇ ਆਈ ਫ਼ਸਲ, ਸਰ੍ਹੋਂ ਸਮੇਤ ਹੋਰ ਤੇਲ ਬੀਜ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਰੋਪੜ, ਮੁਹਾਲੀ, ਫਤਹਿਗੜ੍ਹ ਸਾਹਿਬ, ਨਵਾਂ ਸ਼ਹਿਰ, ਜਲੰਧਰ, ਤਰਨ ਤਾਰਨ, ਲੁਧਿਆਣਾ, ਬਠਿੰਡਾ, ਪਟਿਆਲਾ ਤੇ ਹੋਰ ਕਈ ਜ਼ਿਲ੍ਹਿਆਂ ਤੋਂ ਕਣਕ ਦੀ ਫ਼ਸਲ ਮੀਂਹ ਦੇ ਪਾਣੀ ਦੀ ਮਾਰ ਹੇਠ ਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ।