ਨਵੀਂ ਦਿੱਲੀ: ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਕੜਾਕੇਦਾਰ ਠੰਢ ਤੋਂ ਭਾਵੇਂ ਥੋੜੀ ਰਾਹਤ ਹੋਵੇ ਪਰ ਠੰਢ ਅਜੇ ਖ਼ਤਮ ਨਹੀਂ ਹੋਈ ਕਿਉਂਕਿ ਮੌਸਮ ਵਿਭਾਗ ਨੇ (IMD) ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਤੇ ਬਰਫਬਾਰੀ ਦੀ ਭਵਿੱਖਬਾਣੀ ਕਰ ਦਿੱਤੀ ਹੈ। IMD ਮੁਤਾਬਕ ਉੱਤਰੀ ਹਿਮਾਲਿਆ ਵਿੱਚ ਪੱਛਮੀ ਗੜਬੜ ਸ਼ੁਰੂ ਹੋ ਗਈ ਹੈ ਤੇ ਇਸ ਨਾਲ ਉੱਤਰ ਭਾਰਤ ਦੇ ਨਾਲ-ਨਾਲ ਮੱਧ ਭਾਰਤ ਦੇ ਕਈ ਰਾਜਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੇ ਨਾਲ ਨਾਲ ਬਰਫਬਾਰੀ ਵੀ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਿਕ ਪੰਜਾਬ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਓੜੀਸ਼ਾ, ਝਾਰਖੰਡ, ਮਹਾਰਾਸ਼ਟਰ, ਤੇਲਾਂਗਨਾ ਤੇ ਤਾਮਿਲ ਨਾਡੂ ਵਿੱਚ 12 ਤੋਂ 15 ਫਰਵਰੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਵਿੱਚ ਬਰਫਬਾਰੀ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ।

ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਅੱਜ ਤੋਂ ਸੰਘਣੀ ਧੁੰਦ ਦੀ ਵੀ ਸੰਭਾਵਨਾ ਹੈ। ਉਧਰ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਧੁੰਦ ਸਮੇਤ ਅਣਸੁਖਾਵੀਂ ਸਥਿਤੀ ਕਾਰਨ ਭਾਰਤ ਵਿੱਚ ਨਵੰਬਰ-ਦਸੰਬਰ 2020 ਦੌਰਾਨ ਕੁੱਲ 5,808 ਉਡਾਣਾਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋਈਆਂ ਸੀ।