ਬਠਿੰਡਾ: ਝੋਨਾ ਬੀਜਣ 'ਤੇ ਸਰਕਾਰੀ ਹੁਕਮਾਂ ਦੀ ਮਾਰ ਝੱਲਦੇ ਕਿਸਾਨਾਂ ਨੂੰ ਬੀਤੇ ਕੱਲ੍ਹ ਅਸਮਾਨੋਂ ਰਾਹਤ ਮਿਲੀ। ਕੁਦਰਤ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕਿਸਾਨਾਂ ਨੇ ਸਰਕਾਰੀ ਰੋਕਾਂ ਦੀ ਪਰਵਾਹ ਨਾ ਕਰਦਿਆਂ ਖੇਤਾਂ ਵਿੱਚ ਝੋਨਾ ਬੀਜਿਆ। ਮਾਲਵਾ ਪੱਟੀ ਵਿੱਚ ਨਾ ਸਿਰਫ਼ ਭਰਵਾਂ ਮੀਂਹ ਹੀ ਮਿਹਰਬਾਨ ਨਹੀਂ ਹੋਇਆ, ਸਗੋਂ ਮੀਂਹ ਕਾਰਨ ਵਾਧੂ ਹੋਈ ਬਿਜਲੀ ਨੇ ਵੀ ਵਾਰੇ-ਨਿਆਰੇ ਕਰ ਦਿੱਤੇ। ਜਿਹੜੀ ਬਿਜਲੀ ਕਿਸਾਨਾਂ ਨੂੰ ਦੋ ਦਿਨਾਂ ਵਿੱਚ ਚਾਰ ਘੰਟੇ ਮਿਲਦੀ ਹੁੰਦੀ ਸੀ, ਉਹ ਬਿਜਲੀ ਲਗਾਤਾਰ ਅੱਠ ਘੰਟੇ ਚੱਲਦੀ ਰਹੀ। ਕਿਸਾਨਾਂ ਦੇ ਪਾਣੀ ਤੋਂ ਪਿਆਸੇ ਚੱਲੇ ਆ ਰਹੇ ਖੇਤਾਂ ਦੀ ਇਸ ਬਿਜਲੀ ਨੇ ਮੀਂਹ ਦੇ ਨਾਲ-ਨਾਲ ਪਿਆਸ ਬੁਝਾ ਦਿੱਤੀ ਹੈ। ਹਜ਼ਾਰਾਂ ਕਿਸਾਨਾਂ ਨੇ ਇਸ ਵਾਧੂ ਬਿਜਲੀ ਦਾ ਲਾਹਾ ਲੈਕੇ ਆਪਣੇ ਝੋਨੇ ਦੇ ਖੇਤਾਂ ਵਿੱਚ ਕੱਦੂ ਕਰ ਦਿੱਤੇ ਅਤੇ ਧੜਾ-ਧੜ ਝੋਨਾ ਲਾਉਣ ਲੱਗ ਗਏ।
ਭਾਵੇਂ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ’ਤੇ ਝੋਨਾ ਲਾਉਣ ਦੀ ਸਖ਼ਤਾਈ ਕੀਤੀ ਹੋਈ ਸੀ ਅਤੇ ਕਿਸਾਨ ਜਥੇਬੰਦੀਆਂ ਦੇ ਆਸਰੇ ਖੇਤਾਂ ਵਿੱਚ ਝੋਨਾ ਲੱਗ ਰਿਹਾ ਸੀ, ਪਰ ਵੱਡੇ ਤੜਕੇ ਤੋਂ ਪੈਣ ਲੱਗੇ ਇਸ ਮੀਂਹ ਕਾਰਨ ਜਦੋਂ ਖੇਤਾਂ ਦੇ ਕਿਆਰੇ ਪਾਣੀ ਨਾਲ ਭਰ ਗਏ ਤਾਂ ਕਿਸਾਨਾਂ ਨੇ ਬਿਨਾਂ ਕਿਸੇ ਡਰ ਤੋਂ ਆਪਣੇ ਟਰੈਕਟਰ ਕੱਢਕੇ ਖੇਤਾਂ ਵਿੱਚ ਕੱਦੂ ਕਰਨੇ ਸ਼ੁਰੂ ਕਰ ਦਿੱਤੇ ਅਤੇ ਫਟਾ-ਫਟ ਪੌਦ ਪੱਟਕੇ ਖੇਤਾਂ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ। ਭਾਵੇਂ ਕਿਸਾਨਾਂ ਨੂੰ ਅੱਜ ਰੁਟੀਨ ਵਾਂਗ ਥੋੜ੍ਹੀ ਬਿਜਲੀ ਆਉਣ ਦੀ ਉਮੀਦ ਸੀ ਪਰ ਕਿਸਾਨਾਂ ਦਾ ਉਸ ਵੇਲੇ ਹੌਸਲਾ ਵੱਧ ਗਿਆ ਜਦੋਂ ਖੇਤੀ ਮੋਟਰਾਂ ਲਈ ਦਿੱਤੀ ਹੋਈ ਬਿਜਲੀ ਲਗਾਤਾਰ ਚੱਲਦੀ ਰਹੀ।
ਲਗਾਤਾਰ ਚੱਲਦੀ ਰਹੀ ਇਸ ਬਿਜਲੀ ਕਾਰਨ ਕਿਸਾਨਾਂ ਨੂੰ ਇੱਕ ਵਾਰ ਭੁਲੇਖਾ ਪਿਆ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਵੱਲੋਂ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਿੱਢੇ ਹੋਏ ਸੰਘਰਸ਼ ਨੂੰ ਬੂਰ ਪੈ ਗਿਆ ਹੈ। ਜਥੇਬੰਦੀਆਂ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੂੰ ਵੀ ਅਜਿਹਾ ਹੀ ਜਾਪਣ ਲੱਗਿਆ ਅਤੇ ਉਹ ਬਿਜਲੀ ਦੀ ਸਪਲਾਈ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਦੇ ਉੱਚ ਅਧਿਕਾਰੀਆਂ ਨੂੰ ਫ਼ੋਨ ਕਰਕੇ ਪੁੱਛਣ ਲੱਗੇ।
ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੀਂਹ ਪੈਣ ਤੋਂ ਬਾਅਦ ਫਾਲਤੂ ਹੋਈ ਬਿਜਲੀ ਹੀ ਕਿਸਾਨਾਂ ਲਈ ਵੱਧ ਛੱਡੀ ਗਈ ਹੈ, ਜਦੋਂਕਿ ਆਮ ਦੀ ਤਰ੍ਹਾਂ ਕਿਸਾਨਾਂ ਨੂੰ ਖੇਤੀ ਮੋਟਰਾਂ ਵਾਲੇ ਸ਼ਡਿਊਲ ਅਨੁਸਾਰ ਇੱਕ ਦਿਨ ਛੱਡਕੇ ਚਾਰ ਘੰਟੇ ਬਿਜਲੀ ਦਿੱਤੇ ਜਾਣ ਦੇ ਉਪਰੋਂ ਆਦੇਸ਼ ਆਏ ਹੋਏ ਹਨ।
ਇਸੇ ਦੌਰਾਨ ਮੀਂਹ ਨੇ ਲਹਿਰਾਂ-ਬਹਿਰਾਂ ਕਰ ਦਿੱਤੀਆਂ ਹਨ। ਅਸਮਾਨੀ ਚੜ੍ਹੀ ਗਰਦ ਕਾਰਨ ਫ਼ਸਲਾਂ ਦੇ, ਜੋ ਘੁੰਡ ਮੁੜੇ ਵਿਖਾਈ ਦਿੰਦੇ ਸਨ, ਉਹ ਅੰਬਰੋਂ ਡਿੱਗੇ ਪਾਣੀ ਨਾਲ ਮੁੜ ਟਹਿਕ ਉੱਠੇ ਹਨ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਨੇ ਇਸ ਮੀਂਹ ਨੂੰ ਫ਼ਸਲਾਂ ਲਈ ‘ਸਰਵੋਤਮ ਟਾਨਿਕ’ ਕਰਾਰ ਦਿੱਤਾ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਪਏ ਇਸ ਮੀਂਹ ਨੇ ਤਪੀ ਪਈ ਧਰਤੀ ਦਾ ਸੀਨਾ ਠਾਰ ਦਿੱਤਾ ਹੈ। ਅਜਿਹੇ ਠੰਢੇ ਮੌਸਮ ਵਿੱਚ ਝੋਨੇ ਨੇ ਲੱਗਣਸਾਰ ਹੀ ਹਰਿਆਵਲ ਦੇਣੀ ਸ਼ੁਰੂ ਕਰ ਦੇਣੀ ਹੈ। ਉਂਝ ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਫ਼ਾਇਦਾ ਨਰਮੇ ਦੀ ਫ਼ਸਲ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਦੱਸਿਆ ਹੈ। ਖੇਤੀ ਵਿਭਾਗ ਦੇ ਮਾਨਸਾ ਸਥਿਤ ਜ਼ਿਲ੍ਹਾ ਮੁਖੀ ਡਾ. ਪਰਮਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਮਾਲਵਾ ਪੱਟੀ ਵਿੱਚ ਇਹ ਮੀਂਹ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਸ਼ੁਭ-ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਹੁਣ ਪੈਲੀ ਮੱਚਣ ਤੋਂ ਰੁਕ ਜਾਵੇਗੀ ਅਤੇ ਕੱਲ੍ਹ ਤਕ ਹੀ ਉਹ ਵੱਧਣ ਲੱਗੇਗੀ।
ਮੀਂਹ ਨਾ ਸਿਰਫ਼ ਝੋਨਾ ਕਾਸ਼ਤਕਾਰਾਂ ਲਈ ਰਾਹਤ ਬਣ ਕੇ ਆਇਆ ਬਲਕਿ ਨਰਮਾ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲੀ। ਸਰਦੂਲਗੜ੍ਹ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਮੀਂਹ ਦੇ ਛਰਾਟਿਆਂ ਨੇ ਨਰਮੇ ਦੇ ਪੱਤਿਆਂ ’ਤੇ ਅਗੇਤੇ ਪੈਦਾ ਹੋਣ ਵਾਲੇ ਸਾਰੇ ਰੋਗ ਧੋ ਦਿੱਤੇ ਹਨ। ਖੁਸ਼ਕੀ ਦੂਰ ਹੋਣ ਕਾਰਨ ਨਰਮੇ ’ਤੇ ਚਿੱਟੀ ਮੱਖੀ ਦਾ ਹਮਲਾ ਮਨਫ਼ੀ ਹੋ ਗਿਆ ਹੈ। ਮੀਂਹ ਝੋਨੇ ਦੀ ਲਵਾਈ ਲਈ ਵੀ ਵਰਦਾਨ ਸਾਬਤ ਹੋਵੇਗਾ। ਵੀਹ ਜੂਨ ਤੋਂ ਸ਼ੁਰੂ ਹੋਣ ਵਾਲੀ ਬਿਜਾਈ ਲਈ ਸਾਰੇ ਖੇਤਾਂ ’ਚ ਇੱਕੋ ਵੇਲੇ ਹੀ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਮੀਂਹ ਨੇ ਬਿਜਲੀ ਅਤੇ ਡੀਜ਼ਲ ਦੀ ਖਪਤ ਕਾਫੀ ਘਟਾ ਦਿੱਤੀ ਹੈ।
ਮੀਂਹ ਦਾ ਲਾਹਾ ਲੈਣ ਲਈ ਕਿਸਾਨਾਂ ਨੇ ਇਕਦਮ ਝੋਨੇ ਦੀ ਲੁਆਈ ਸ਼ੁਰੂ ਕਰ ਦਿੱਤੀ। ਬੇਸ਼ੱਕ ਜ਼ਿਆਦਾਤਰ ਕਿਸਾਨ ਪਰਵਾਸੀ ਮਜ਼ਦੂਰਾਂ ਤੋਂ ਝੋਨਾ ਲਗਵਾਉਣ ਨੂੰ ਤਰਜੀਹ ਦਿੰਦੇ ਹਨ ਪਰ ਮੀਂਹ ਕਾਰਨ ਉਨ੍ਹਾਂ ਨੇ ਸਥਾਨਕ ਮਜ਼ਦੂਰਾਂ ਨੂੰ ਹੀ ਲੁਆਈ ਲਈ ਸੱਦ ਲਿਆ। ਪਿੰਡ ਧਨੌਲਾ, ਕੱਟੂ, ਭੱਠਲਾਂ, ਦਾਨਗੜ੍ਹ, ਕਾਲੇ ਕੇ ਅਤੇ ਅਸਪਾਲ ਕਲਾਂ ਦੇ ਖੇਤਾਂ ਵਿੱਚ ਲੋਕਾਂ ਝੋਨਾ ਲਗਾਉਂਦੇ ਜਾਂ ਕੱਦੂ ਕਰਦੇ ਨਜ਼ਰ ਆਏ। ਉੱਧਰ ਖੇਤੀਬਾੜੀ ਵਿਭਾਗ 10 ਜੂਨ ਤੋਂ ਝੋਨਾ ਲਾਉਣ ਵਾਲੇ ਪੰਜ ਕੁ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਬਾਅਦ ਖ਼ਾਮੋਸ਼ ਹੋ ਗਿਆ ਹੈ। ਅਧਿਕਾਰੀ ਖੇਤਾਂ ਵਿੱਚ ਘੁੰਮਦੇ ਜ਼ਰੂਰ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਨੇ ਕਿਸੇ ਕਿਸਾਨ ਨੂੰ ਕੁਝ ਨਹੀਂ ਕਿਹਾ।