ਬਠਿੰਡਾ: ਕਾਂਗਰਸੀ ਲੀਡਰਾਂ ਦਾ ਨਾਂ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਲਿਖਣ ਵਾਲੇ ਕਿਸਾਨ ਦੀ ਮ੍ਰਿਤਕ ਦੇਹ ਬੀਤੇ 13 ਦਿਨਾਂ ਤੋਂ ਆਪਣੀਆਂ ਅੰਤਿਮ ਰਸਮਾਂ ਦੀ ਉਡੀਕ ਵਿੱਚ ਹੈ। ਕਿਸਾਨ ਗੁਰਸੇਵਕ ਸਿੰਘ ਨੇ ਆਪਣੇ ਨਾਲ ਹੋਈ ਜ਼ਮੀਨੀ ਧੋਖਾਧੜੀ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਆਪਣੇ ਸੁਸਾਈਡ ਨੋਟ ਵਿੱਚ ਉਸ ਦੇ ਇਸ ਕਦਮ ਲਈ ਜ਼ਿੰਮੇਵਾਰ ਇਨਸਾਨਾਂ ਦਾ ਨਾਂ ਵੀ ਲਿਖਿਆ।

 

ਪ੍ਰਾਪਤ ਜਾਣਕਾਰੀ ਮੁਤਾਬਕ ਰਾਮਪੁਰਾ ਫੂਲ ਦੇ ਪਿੰਡ ਲਹਿਰਾ ਧੂਰਕੋਟ ਦੇ ਗੁਰਸੇਵਕ ਸਿੰਘ ਨੇ 11 ਕਨਾਲ ਜ਼ਮੀਨ ਦੀ ਰਜਿਸਟਰੀ ਅਮਰਜੀਤ ਸਿੰਘ ਦੇ ਨਾਂਅ ਕੀਤੀ ਸੀ। ਅਮਰਜੀਤ ਸਿੰਘ ਕਾਂਗਰਸੀ ਵਿਧਾਇਕ ਗੁਰਪ੍ਰੀਤ ਕਾਂਗੜ ਦਾ ਖਾਸਮ-ਖਾਸ ਮੰਨਿਆ ਜਾਂਦਾ ਹੈ। ਕਿਸਾਨ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਅਮਰਜੀਤ ਨੇ ਗੁਰਸੇਵਕ ਤੋਂ ਰਜਿਸਟਰੀ ਤਾਂ ਕਰਵਾ ਲਈ ਪਰ 36 ਲੱਖ ਰੁਪਏ ਦੀ 11 ਲੱਖ ਰੁਪਏ ਦੀ ਬਕਾਇਆ ਰਕਮ ਅਦਾ ਨਹੀਂ ਕੀਤੀ, ਜਿਸ ਕਰਕੇ ਗੁਰਸੇਵਕ ਸਿੰਘ ਕਈ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਨੇ 3 ਜੂਨ ਨੂੰ ਖੁਦਕੁਸ਼ੀ ਕਰ ਲਈ। ਉਸ ਦੀ ਜੇਬ ਵਿੱਚੋਂ ਮਿਲੇ ਸੁਸਾਇਡ ਨੋਟ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਗ਼ੈਰ-ਸਿਆਸੀ ਮੁਲਜ਼ਮ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ, ਪਰ ਕਾਂਗਰਸੀ ਆਗੂਆਂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

ਕਿਸਾਨ ਗੁਰਸੇਵਕ ਸਿੰਘ ਦੇ ਪਰਿਵਾਰਕ ਮੈਂਬਰ ਤੇ ਯੂਨੀਅਨ ਲੀਡਰ ਪਿਛਲੇ 13 ਦਿਨਾਂ ਤੋਂ ਉਸ ਦੀ ਲਾਸ਼ ਦਾ ਅੰਤਮ ਸੰਸਕਾਰ ਨਹੀਂ ਕਰ ਰਹੇ। ਉਨ੍ਹਾਂ ਦੀ ਮੰਗ ਹੈ ਕਿ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਹੇਰਾਫੇਰੀ ਦਾ ਮਾਮਲਾ ਦਰਜ ਕੀਤਾ ਜਾਵੇ।

ਪੀੜਤ ਪਰਿਵਾਰ ਨਾਲ ਮੁਲਾਕਾਤ ਲਈ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਪੁਲਿਸ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਇੱਕ ਵਿਧਾਇਕ ਸਰਕਾਰੀ ਹੁਕਮ ਵਜਾਉਂਦੀ ਜੇਸੀਬੀ ਮਸ਼ੀਨ ਨੂੰ ਰੋਕ ਸਕਦਾ ਹੈ ਪਰ ਲੋਕਾਂ ਦੀ ਸਿਹਤ ਦਾ ਖਿਆਲ ਕਰਕੇ ਵੇਰਕਾ ਪਲਾਂਟ ਵਿੱਚ ਉਣਤਾਈਆਂ ਉਜਾਗਰ ਕਰਨ ਵਾਲੇ ਸਿਮਰਜੀਤ ਬੈਂਸ ਵਿਰੁੱਧ ਕੇਸ ਦਰਜ ਕਰ ਦਿੱਤਾ ਜਾਂਦਾ ਹੈ।

ਫਿਲਹਾਲ, ਪ੍ਰਸ਼ਾਸਨ ਕੁੜਿੱਕੀ ਵਿੱਚ ਫਸਿਆ ਹੋਇਆ ਹੈ। ਮ੍ਰਿਤਕ ਦੇਹ ਦੀ ਹਾਲਤ ਸਮਾਂ ਪਾ ਕੇ ਖਰਾਬ ਹੋ ਰਹੀ ਹੈ ਤੇ ਵਾਰਸ ਸਸਕਾਰ ਕਰਨ ਲਈ ਤਿਆਰ ਨਹੀਂ। ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਵੀ ਨਹੀਂ ਹੋਇਆ, ਉੱਪਰੋਂ ਸਿਆਸੀ ਲੀਡਰਾਂ ਦਾ ਸਮਰਥਨ ਮਿਲਣ ਕਾਰਨ ਪ੍ਰਸ਼ਾਸਨ 'ਤੇ ਦਬਾਅ ਕਾਫੀ ਵਧ ਰਿਹਾ ਹੈ।