ਪੰਜਾਬ 'ਚ ਝੋਨੇ ਦਾ ਰਿਕਾਰਡ ਉਤਪਾਦਨ , 40 ਸਾਲਾਂ ਦਾ ਟੁੱਟਿਆ ਰਿਕਾਰਡ !
ਏਬੀਪੀ ਸਾਂਝਾ | 07 Oct 2016 11:00 AM (IST)
ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦਾ ਰਿਕਾਰਡ ਉਤਪਾਦਨ ਹੋਵੇਗਾ ਜਿਹੜਾ ਕਿ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜੇਗਾ । ਜਿਹ ਜਾਣਕਾਰੀ ਜਸਬੀਰ ਸਿੰਘ ਬੈਂਸ ਡਾਇਰੈਕਟਰ ਖੇਤੀਬਾੜੀ ਪੰਜਾਬ. ਨੇ ਏਬੀਪੀ ਸਾਂਝਾ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ 22 ਜ਼ਿਲਿਆਂ ਵਿੱਚ ਮੁੱਖ ਖੇਤੀਬਾੜੀ ਅਫ਼ਸਰਾਂ ਦੁਆਰਾ ਕੀਤੇ ਸਰਵੇ (Crop Cutting Experiments)ਦੇ ਆਧਾਰ ਉੱਤੇ 186 ਲੱਖ ਮੈਟ੍ਰਿਕ ਟਨ ਝੋਨਾ ਪੈਦਾਵਾਰ ਹੋਵੇਗੀ ਜੋਕਿ 1976 ਤੋਂ ਬਾਅਦ ਸਭ ਤੋਂ ਵੱਧ ਰਿਕਾਰਡ ਉਤਪਾਦਨ ਹੈ। ਖੇਤੀਬਾੜੀ ਡਾਇਰੈਕਟਰ ਨੇ ਕਿਹਾ ਕਿ ਇਹ ਉਤਪਾਦਨ ਪਿਛਲੇ ਸਾਲ ਨਾਲੋਂ 10 ਲੱਖ ਮੈਟ੍ਰਿਕ ਟਨ ਜ਼ਿਆਦਾ ਹੈ। ਪਿਛਲੇ ਸਾਲ 176 ਲੱਖ ਮੈਟ੍ਰਿਕ ਟਨ ਝੋਨੇ ਦਾ ਉਤਪਾਦਨ ਹੋਇਆ ਸੀ ਜੋਕਿ ਰਿਕਾਰਡ ਉਤਪਾਦਨ ਸੀ। ਉਨ੍ਹਾਂ ਮੁਤਾਬਿਕ ਖੇਤੀਬਾੜੀ ਅਫ਼ਸਰਾਂ ਵੱਲੋਂ ਕੀਤੇ ਗਏ ਸਰਵੇ ਵਿੱਚ ਕਿਸਾਨਾਂ ਦਾ 30 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ ਮੌਸਮ ਦੀ ਭਵਿੱਖਬਾਣੀ ਦੇ ਉਲਟ 28 ਫ਼ੀਸਦੀ ਬਰਸਾਤ ਘੱਟ ਹੋਈ ਹੈ। ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਵਧੇਰੇ ਵਰਤੋਂ ਕਰਨ ਨਾਲ ਕਿਸਾਨਾਂ ਦੀਆਂ ਲਾਗਤਾਂ ਜ਼ਰੂਰ ਵਧੀਆਂ ਹਨ ਪਰ ਫਿਰ ਵੀ ਪ੍ਰਤੀ ਏਕੜ ਝਾੜ ਵਧੀਆ ਨਿਕਲ ਰਿਹਾ ਹੈ। ਪਿਛਲੇ ਸਾਲ ਬਾਸਮਤੀ ਦਾ ਮੰਡੀਆਂ ਵਿੱਚ ਰੁਲਨ ਕਾਰਨ ਇਸ ਵਾਰ ਕਿਸਾਨਾਂ ਨੇ ਝੋਨੇ ਦੀ ਫ਼ਸਲ ਨੂੰ ਤਰਜ਼ੀਹ ਦਿੱਤੀ। ਜਿਸ ਨਾਲ ਝੋਨੇ ਹੇਠ ਰਕਬਾ 28 ਲੱਖ ਹੈਕਟੇਅਰ ਤੋਂ ਵਧ ਕੇ 30 ਲੱਖ ਹੈਕਟੇਅਰ ਦੇ ਕਰੀਬ ਚਲਾ ਗਿਆ ਹੈ। ਮਾਹਿਰਾਂ ਵੱਲੋਂ ਝੋਨਾ ਪੈਦਾਵਾਰ ਵਧਣ ਦਾ ਮੁੱਖ ਕਾਰਨ ਮੌਸਮ ਸਾਜ਼ਗਾਰ ਹੋਣ ਕਾਰਨ ਪ੍ਰਤੀ ਏਕੜ ਪੈਦਾਵਾਰ ਵਧਣਾ ਮੰਨਿਆ ਜਾ ਰਿਹਾ ਹੈ।