ਵਾਸ਼ਿੰਗਟਨ- ਆਟੋਮੇਸ਼ਨ ਦੀ ਵਧਦੇ ਵਰਤੋਂ ਨਾਲ ਬਹੁਤ ਵੱਡੇ ਪੱਧਰ ਉੱਤੇ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪੈ ਸਕਦਾ ਹੈ। ਸੰਸਾਰ ਬੈਂਕ ਦੀ ਇੱਕ ਰਿਸਰਚ ਰਿਪੋਰਟ ਮੁਤਾਬਕ ਇਸ ਕਾਰਨ ਭਾਰਤ ਦੇ 69 ਫੀਸਦੀ ਲੋਕਾਂ ਦੇ ਰੋਜ਼ਗਾਰ ਉੱਤੇ ਖਤਰਾ ਮੰਡਰਾ ਰਿਹਾ ਹੈ। ਚੀਨ ਦੀਆਂ 77 ਫੀਸਦੀ ਨੌਕਰੀਆਂ ਇਸ ਦੀ ਜ਼ਦ ਵਿੱਚ ਆ ਸਕਦੀਆਂ ਹਨ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਟੈਕਨਾਲੋਜੀ ਰਵਾਇਤੀ ਆਰਥਿਕ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ ਉੱਤੇ ਰੋਕ ਸਕਦੀ ਹੈ। ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਜਿਮ ਕਿਮ ਨੇ ਕਿਹਾ, ਅਸੀਂ ਗ੍ਰੋਥ ਵਧਣ ਦੇ ਲਈ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੇ ਹਾਂ। ਇਸ ਲਈ ਇਹ ਸੋਚਣਾ ਹੋਵੇਗਾ ਕਿ ਵੱਖ-ਵੱਖ ਦੇਸ਼ਾਂ ਨੂੰ ਭਵਿੱਖ ਦੀ ਅਰਥ ਵਿਵਸਥਾ ਦੇ ਲਈ ਕਿਹੋ ਜਿਹੀਆਂ ਢਾਂਚਾਗਤ ਸਹੂਲਤਾਂ ਦੀ ਲੋੜ ਹੈ। ਜੇ ਇਹ ਸੱਚ ਹੈ ਅਤੇ ਇਨ੍ਹਾਂ ਦੇਸ਼ਾਂ ਵਿੱਚ ਨੌਕਰੀਆਂ ਜਾਂਦੀਆਂ ਹਨ ਤਾਂ ਸਮਝਣਾ ਪਵੇਗਾ ਕਿ ਇਨ੍ਹਾਂ ਦੇਸ਼ਾਂ ਲਈ ਆਰਥਿਕ ਤਰੱਕੀ ਦੇ ਕਿਹੜੇ ਰਸਤੇ ਹੋਣਗੇ। ਇਨ੍ਹਾਂ ਦੇਸ਼ਾਂ ਨੂੰ ਬੁਨਿਆਦੀ ਢਾਂਚੇ ਦੇ ਬਾਰੇ ਅੱਗੇ ਕੀ ਰੁਖ਼ ਅਪਣਾਉਣਾ ਪਵੇਗਾ।
ਬਰੂਕਿੰਗਸ ਇੰਸਟੀਚਿਊਟ ਵਿੱਚ ਇੱਕ ਸਵਾਲ ਉੱਤੇ ਕਿਮ ਨੇ ਕਿਹਾ, ਅਸੀਂ ਸਾਰੇ ਜਾਣਦੇ ਹਾਂ ਕਿ ਟੈਕਨਾਲੋਜੀ ਨੇ ਬੁਨਿਆਦੀ ਤੌਰ ਉੱਤੇ ਦੁਨੀਆ ਨੂੰ ਇੱਕ ਨਵਾਂ ਆਕਾਰ ਦਿੱਤਾ ਹੈ। ਇਹ ਅੱਗੇ ਵੀ ਅਜਿਹਾ ਕਰੇਗੀ, ਪਰੰਤੂ ਖੇਤੀ ਉਪਜ ਵਧਾਉਣ ਦੇ ਰਵਾਇਤੀ ਤਰੀਕਿਆਂ ਨਾਲ ਹਲਕੀ ਮੈਨੂਫੈਕਚਰਿੰਗ ਤੇ ਉਸ ਦੇ ਬਾਅਦ ਸਮੁੱਚਾ ਉਦਯੋਗੀਕਰਨ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਸੰਭਵ ਨਹੀਂ ਹੋ ਸਕਦਾ।