ਚੰਦਨ ਨਾਲ ਮਹਿਕੇਗਾ ਪੰਜਾਬ !
ਏਬੀਪੀ ਸਾਂਝਾ | 15 Mar 2018 04:57 PM (IST)
ਚੰਡੀਗੜ੍ਹ: ਪੰਜਾਬ ਦਾ ਜੰਗਲਾਤ ਵਿਭਾਗ ਪੰਜਾਬ ਦੇ ਕਿਸਾਨਾਂ ਨੂੰ ਇਸ ਸਾਲ ਦੋ ਲੱਖ ਚੰਦਨ ਦੇ ਪੌਦੇ ਬਹੁਤ ਹੀ ਘੱਟ ਕੀਮਤਾਂ 'ਤੇ ਦੇਵੇਗਾ। ਇਨ੍ਹਾਂ ਨੂੰ ਕਿਸਾਨ ਆਪਣੇ ਖੇਤਾਂ ਵਿੱਚ ਲਾ ਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਸੂਹਾ ਦੀ ਨਰਸਰੀ ਵਿੱਚ 15 ਹਜ਼ਾਰ ਪੌਦਾ ਚਲ ਵੀ ਪਿਆ ਹੈ। ਬਾਕੀ ਦੀ ਪੌਦ ਤਿਆਰ ਹੈ। ਕਿਸਾਨਾਂ ਨੂੰ ਦਸ ਰੁਪਏ ਪੌਦੇ ਦੇ ਹਿਸਾਬ ਨਾਲ ਚੰਦਨ ਦੇ ਪੌਦੇ ਦਿੱਤੇ ਜਾਣਗੇ। ਧਰਮਸੋਤ ਨੇ ਕਿਹਾ ਕਿ ਚੰਦਨ ਦੀ ਲੱਕੜ ਦੀ ਕੀਮਤ ਕਿਸਾਨਾਂ ਨੂੰ 8 ਤੋਂ 10 ਹਜ਼ਾਰ ਪ੍ਰਤੀ ਕਿਲੋ ਗਰਾਮ ਮਿਲੇਗੀ। ਇਸ ਲੱਕੜ ਦੀ ਬਾਜ਼ਾਰ ਵਿੱਚ ਮੰਗ ਵੀ ਹੈ। ਚੰਦਨ ਦਾ ਤੇਲ ਹੋਰ ਵੀ ਮਹਿੰਗਾ ਹੈ ਪਰ ਤੇਲ 15-20 ਸਾਲ ਬਾਅਦ ਵਾਲੇ ਦਰਖ਼ਤ ਵਿੱਚੋਂ ਕੱਢਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 8 ਸਾਲ ਬਾਅਦ ਚੰਦਨ ਦੇ ਦਰਖ਼ਤ ਦੀ ਲੱਕੜ ਵੇਚਣ ਯੋਗ ਹੋ ਜਾਂਦੀ ਹੈ। ਧਰਮਸੋਤ ਨੇ ਕਿਹਾ ਕਿ ਪਹਿਲਾਂ ਜੰਗਲਾਤ ਮਹਿਕਮੇ ਨੇ ਇਹ ਤਜ਼ਰਬਾ ਕੀਤਾ ਹੈ ਕਿ ਪੰਜਾਬ ਵਿੱਚ ਚੰਦਨ ਦੀ ਖੇਤੀ ਹੋ ਸਕਦੀ ਹੈ। ਜਿਸ ਥਾਂ ਪਾਣੀ ਨਹੀਂ ਖੜ੍ਹਦਾ, ਉੱਥੇ ਚੰਦਨ ਦਾ ਦਰਖ਼ਤ ਵਧੀਆ ਹੋ ਜਾਂਦਾ ਹੈ। ਇਹ ਨਵੀਂ ਪਹਿਲ ਪੰਜਾਬ ਦੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ।