ਟਿਊਬਵੈੱਲ ਕੁਨੈਕਸ਼ਨ ਲਈ 50 ਹਜ਼ਾਰ ਮੰਗੇ, SDO ਰੰਗੇ ਹੱਥੀਂ ਕਾਬੂ
ਏਬੀਪੀ ਸਾਂਝਾ | 27 Oct 2017 06:21 PM (IST)
ਜੰਲਧਰ: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਰਾਹੋਂ ਦੇ ਬਿਜਲੀ ਬੋਰਡ ਦੇ ਐਸ.ਡੀ.ਓ. ਨੂੰ ਵਿਜੀਲੈਂਸ ਵਿਭਾਗ ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਰਾਹੋਂ ਵਿੱਚ ਤਾਇਨਾਤ ਐਸ.ਡੀ.ਓ. ਰਾਮ ਲਾਲ ਕਲੇਰ ਨੇ ਕਿਸਾਨ ਤੋਂ ਟਿਊਬਵੈੱਲ ਕੁਨੈਕਸ਼ਨ ਦੇਣ ਲਈ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਕਿਸਾਨ ਹਰਿੰਦਰ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਐਸ.ਡੀ.ਓ. ਦੀ ਰਿਸ਼ਵਤ ਦੀ ਮੰਗ ਬਾਰੇ ਸੂਚਿਤ ਕੀਤਾ। ਕਿਸਾਨ ਦੇ ਦੱਸੇ ਮੁਤਾਬਕ ਵਿਭਾਗ ਨੇ ਅਧਿਕਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਨ ਲਈ ਜਾਲ ਵਿਛਾਇਆ ਤੇ ਉਸ ਨੂੰ ਕਾਬੂ ਕਰ ਲਿਆ। ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕਿਸਾਨ ਹਰਿੰਦਰ ਸਿੰਘ ਨੇ ਆਪਣੀ ਪਤਨੀ ਦੇ ਨਾਂ ਜ਼ਮੀਨ 'ਤੇ ਟਿਊਬਵੈੱਲ ਕੁਨੈਕਸ਼ਨ ਲਈ ਬਿਨੈ ਕੀਤਾ ਸੀ। ਇਸ ਕੁਨੈਕਸ਼ਨ ਦਾ ਤਖ਼ਮੀਨਾ ਯਾਨੀ ਕਿ ਅੰਦਾਜ਼ਨ ਖ਼ਰਚ 98,000 ਰੁਪਏ ਬਣਦਾ ਸੀ। ਅਧਿਕਾਰੀ ਰਾਮ ਲਾਲ ਕਲੇਰ ਨੇ ਉਸ ਦੀ ਫ਼ਾਈਲ ਰਾਹੋਂ ਤੋਂ ਅੱਗੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਉੱਚ ਅਧਿਕਾਰੀਆਂ ਕੋਲ ਭੇਜਣ ਲਈ ਉਸ ਤੋਂ 50,000 ਰੁਪਏ ਰਿਸ਼ਵਤ ਮੰਗੀ ਸੀ।