ਚੰਡੀਗੜ੍ਹ: ਕਿਸਾਨਾਂ ਨੇ ਵਰ੍ਹਿਆਂ ਤੋਂ ਖੇਤਾਂ ਦੀ ਡੂੰਘੀ ਵਹਾਈ ਨਹੀਂ ਕੀਤੀ। ਇਹ ਗੱਲ ਸੁਣ ਕੇ ਹੈਰਾਨੀ ਹੋਵੇਗੀ ਪਰ ਇਹ ਬਿਲਕੁਲ ਸੱਚ ਹੈ। ਦਰਅਸਲ ਹਰ ਸਾਲ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਨੂੰ ਕੱਦੂ ਕਰਕੇ ਜ਼ਮੀਨ ਨੂੰ ਕਰੜਾ ਕੀਤਾ ਜਾਂਦਾ ਹੈ ਤਾਂ ਜੋ ਪਾਣੀ ਧਰਤੀ ਦੇ ਹੇਠ ਨਾ ਜਾਵੇ। ਇਸ ਕਾਰਨ ਤਕਰੀਬਨ 6 ਇੰਚ ਥੱਲੇ ਇੱਕ ਸਖ਼ਤ ਤਹਿ ਬਣ ਗਈ ਹੈ। ਇਸ ਕਾਰਨ ਜਿੱਥੇ ਜ਼ਮੀਨ ਵਿਚਲੇ ਖਾਰੇ ਤੱਤ ਥੱਲੇ ਨਹੀਂ ਜਾਂਦੇ, ਉੱਥੇ ਨਰਮੇ ਦੀਆਂ ਜੜ੍ਹਾਂ ਵੀ ਡੂੰਘੀਆਂ ਨਹੀਂ ਜਾ ਪਾਉਂਦੀਆਂ। ਲਿਹਾਜ਼ਾ ਫ਼ਸਲਾਂ ਦੇ ਝਾੜ ਵਿੱਚ ਖੜੋਤ ਆ ਗਈ ਹੈ।


ਇਸੇ ਤਰ੍ਹਾਂ ਮਾਮੂਲੀ ਬਾਰਸ਼ਾਂ ਮੌਕੇ ਵੀ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਦੇ ਮਾੜੇ ਨਤੀਜਿਆ ਨੂੰ ਦੇਖਦੇ ਹੋਏ ਇਸ ਦਾ ਇੱਕ ਹੱਲ ਵੀ ਹੈ। ਜੀ, ਬਿਜਾਈ ਤੋਂ ਪਹਿਲਾਂ ਤਹਿ ਤੋੜ ਹਲ ਨਾਲ ਵਹਾਈ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜਿੱਥੇ ਕਿਸਾਨ ਨੂੰ ਫਾਇਦਾ ਹੁੰਦਾ ਹੈ, ਉੱਥੇ ਹੀ ਵਾਤਾਵਰਣ ਨੂੰ ਵੀ ਲਾਭ ਮਿਲਦਾ ਹੈ।


ਕਿਸਾਨ ਤਹਿ ਤੋੜ ਹੱਲ ਨਾਲ ਵਹਾਈ ਕਰਨ ਲਈ ਖੇਤੀ ਵਿਭਾਗ ਤੋਂ ਵੀ ਹਲ ਪ੍ਰਾਪਤ ਕਰ ਸਕਦੇ ਹਨ। ਇਹ ਵਿਧੀ ਸੇਮ ਮਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਵੀ ਵਿਸ਼ੇਸ਼ ਕਾਰਗਰ ਹੈ। ਫਰਵਰੀ ਮਾਰਚ ਵਿੱਚ ਪੈਣ ਵਾਲੇ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਕਣਕ ਦਾ ਖਰਾਬਾ ਹੁੰਦਾ ਹੈ ਪਰ ਜਿੱਥੇ ਇਸ ਹਲ ਨਾਲ ਡੂੰਘੀ ਵਹਾਈ ਕੀਤੀ ਹੋਵੇਗੀ, ਮੀਂਹ ਦਾ ਪਾਣੀ ਜ਼ਮੀਨ ਵਿੱਚ ਰਿਸ ਜਾਵੇਗਾ ਤੇ ਫ਼ਸਲ ਦਾ ਖਰਾਬਾ ਘਟੇਗਾ।