ਚੰਡੀਗੜ੍ਹ: ਕੈਪਟਨ ਸਰਕਾਰ ਕਿਸਾਨਾਂ ਦਾ ਕਰਜ਼ ਮੁਆਫ ਕਰਨ ਲਈ ਵੱਡੇ-ਵੱਡੇ ਸਮਾਗਮ ਕਰਵਾ ਰਹੀ ਹੈ। ਇਸ ਨਾਲ ਜਨਤਾ ਦੇ ਪੈਸੇ ਦੀ ਬਜ਼ੂਲ ਖਰਚੀ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਇਸ ਉੱਪਰ ਇਤਰਾਜ਼ ਪ੍ਰਗਟਾਇਆ ਹੈ। 'ਆਪ' ਨੇ ਕਿਹਾ ਹੈ ਕਿ ਕਰਜ਼ ਮੁਆਫੀ ਪ੍ਰਮਾਣ ਪੱਤਰ ਵੰਡਣ ਲਈ ਕੈਪਟਨ ਸਰਕਾਰ ਵੱਲੋਂ ਫ਼ਾਲਤੂ ਖ਼ਰਚਾ ਕਰਕੇ ਕਿਸਾਨਾਂ ਦੀ ਮੌਤ 'ਤੇ ਜਨਤਾ ਦੇ ਪੈਸਿਆਂ ਨਾਲ ਮਨਾਇਆ ਜਾ ਰਿਹਾ ਹੈ।


ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਿਸਾਨ ਕਰਜ਼-ਮੁਆਫੀ ਯੋਜਨਾ ਸੰਪੂਰਨ ਤੌਰ 'ਤੇ ਅਸਫਲ ਸਾਬਤ ਹੋਈ ਹੈ। ਸਰਕਾਰ ਆਪਣੀ ਇਸ ਅਸਫਲਤਾ ਨੂੰ ਛੁਪਾਉਣ ਲਈ ਝੂਠੇ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਉਹ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਆਪਣੇ ਜਸ਼ਨਾਂ 'ਤੇ ਖ਼ਰਚ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਕਰਜ਼-ਮੁਆਫੀ ਪ੍ਰਮਾਣ ਪੱਤਰ ਵੰਡ ਸਮਾਗਮ ਵਿੱਚ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਬਠਿੰਡਾ ਵਿੱਚ ਕਰਵਾਏ ਸਮਾਗਮ ਵਿੱਚ 11 ਲੱਖ ਰੁਪਏ ਖ਼ਰਚ ਕਰਨ ਦੀ ਗੱਲ ਸਾਹਮਣੇ ਆਈ ਹੈ ਜਿੱਥੇ 11 ਹਜ਼ਾਰ ਲੋਕਾਂ ਲਈ ਨਾਸ਼ਤਾ ਤੇ ਮਿਨਰਲ ਵਾਟਰ ਤੇ ਵਾਟਰ ਤੇ ਬੁਲਟ ਪਰੂਫ਼ ਟੈਂਟ ਦਾ ਪ੍ਰਬੰਧ ਜਨਤਾ ਦੇ ਪੈਸਿਆਂ ਨਾਲ ਕੀਤਾ ਗਿਆ ਸੀ। ਹਜ਼ਾਰਾਂ ਪੁਲਿਸ ਕਰਮਚਾਰੀਆਂ ਦੀ ਡਿਊਟੀ ਦਾ ਪ੍ਰਬੰਧ ਵੱਖ-ਵੱਖ ਥਾਵਾਂ 'ਤੇ ਕੀਤਾ ਗਿਆ। ਇਸੇ ਤਰ੍ਹਾਂ ਪੈਸਿਆਂ ਦੀ ਬਰਬਾਦੀ ਹੋਰ ਥਾਵਾਂ 'ਤੇ ਸਮਾਗਮਾਂ ਵਿੱਚ ਕੀਤਾ ਗਿਆ ਹੈ।

ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਕੈਪਟਨ ਸਰਕਾਰ ਨੇ ਕਰਜ਼-ਮੁਆਫ਼ੀ ਸਬੰਧੀ ਸਮਾਗਮ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਨੂੰ ਸੱਦ ਕੇ ਪੰਜਾਬ ਦੀ ਜਨਤਾ ਦੇ ਖ਼ੂਨ-ਪਸੀਨੇ ਦੀ ਕਮਾਈ ਨੂੰ ਬਰਬਾਦ ਕੀਤਾ ਹੈ, ਜਦੋਂਕਿ ਚਾਹੀਦਾ ਇਹ ਸੀ ਕਿ ਕੈਪਟਨ ਨੂੰ ਕਲਾਕਾਰ ਉੱਤੇ ਲੱਖਾਂ ਰੁਪਏ ਖ਼ਰਚ ਕਰਨ ਦੀ ਬਜਾਏ ਕਿਸਾਨਾਂ ਦੇ ਸਿਰ ਚੜ੍ਹੇ ਭਾਰੀ ਕਰਜ਼ੇ ਨੂੰ ਮੁਆਫ਼ ਕਰਨ ਵਿੱਚ ਖ਼ਰਚਣਾ ਚਾਹੀਦਾ ਸੀ।

ਮਾਨ ਨੇ ਕਿਹਾ ਕਿ ਇਸ ਰਾਸ਼ੀ ਨੂੰ ਕਾਂਗਰਸ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਵਿੱਚ ਕਰਜ਼-ਮੁਆਫ਼ੀ ਦੇ ਰੂਪ ਵਿੱਚ ਵੰਡਦੀ ਤਾਂ ਪੰਜਾਬ ਵਿੱਚ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਦੇ ਰਾਹ ਨਾ ਪੈਂਦੇ। ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਹੁਣ ਤੱਕ ਕਰੀਬ 430 ਕਿਸਾਨ ਕਰਜ਼ ਦੇ ਕਾਰਨ ਆਤਮ ਹੱਤਿਆ ਕਰ ਚੁੱਕੇ ਹਨ। ਦੂਜੇ ਪਾਸੇ ਸਰਕਾਰ ਜਸ਼ਨ ਮਨਾ ਰਹੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਤੇ ਹੋਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ 'ਤੇ ਚੜ੍ਹਿਆ ਕਰਜ਼ ਬੇਸ਼ੱਕ ਉਹ ਆੜ੍ਹਤੀਆ ਦਾ ਹੋਵੇ, ਬੈਂਕ ਦਾ ਹੋਵੇ ਉਹ ਸੰਪੂਰਨ ਤੌਰ ਉੱਤੇ ਮੁਆਫ਼ ਕੀਤਾ ਜਾਵੇਗਾ, ਪਰ ਅਫ਼ਸੋਸ ਕਿ ਕੈਪਟਨ ਸਰਕਾਰ ਨੂੰ ਪੰਜਾਬ ਦੀ ਸੱਤਾ ਸੰਭਾਲੇ ਕਰੀਬ ਦੋ ਸਾਲ ਹੋ ਚੁੱਕੇ ਹਨ ਅਤੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਅਤੇ ਹੋਰਾਂ ਦੇ ਸਿਰ ਕਰੀਬ ਇੱਕ ਲੱਖ ਕਰੋੜ ਰੁਪਏ ਦਾ ਕਰਜ਼ ਸੰਪੂਰਨ ਤੌਰ ਉੱਤੇ ਮਾਫ਼ ਨਹੀਂ ਕੀਤਾ ਗਿਆ। ਕੈਪਟਨ ਸਰਕਾਰ ਇੰਨਾ ਜ਼ਰੂਰ ਕਰ ਰਹੀ ਹੈ ਕਿ ਕਰਜ਼-ਮੁਆਫ਼ੀ ਦੇ ਸਮਾਗਮਾਂ ਵਿੱਚ ਫ਼ਜ਼ੂਲ ਖ਼ਰਚੀ ਕਰਕੇ ਤੇ ਕਿਸਾਨਾਂ ਨੂੰ ਸਮਾਗਮਾਂ ਵਿੱਚ ਸੱਦ ਕੇ ਉਨ੍ਹਾਂ ਨੂੰ ਜ਼ਲੀਲ ਕਰ ਰਹੀ ਹੈ।