Soil Health Card: ਕਿਸਾਨਾਂ ਦੀ ਚੰਗੀ ਪੈਦਾਵਾਰ ਲਈ ਸਰਕਾਰ ਕਈ ਸਕੀਮਾਂ ਚਲਾ ਕੇ ਉਨ੍ਹਾਂ ਦੀ ਮਦਦ ਕਰਦੀ ਹੈ। ਸੋਇਲ ਹੈਲਥ ਕਾਰਡ ਸਕੀਮ ਵੀ ਇਸੇ ਤਰ੍ਹਾਂ ਦੀ ਇੱਕ ਸਕੀਮ ਹੈ। ਇਸ ਤਹਿਤ ਕਿਸਾਨ ਆਪਣੀ ਮਿੱਟੀ ਦੀ ਪਰਖ ਕਰਵਾ ਕੇ ਉਸ ਰਿਪੋਰਟ ਦੇ ਆਧਾਰ 'ਤੇ ਖੇਤੀ ਕਰਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਦੀ ਖੇਤੀ ਵਿੱਚ ਲਾਗਤ ਵੀ ਘੱਟ ਜਾਂਦੀ ਹੈ ਤੇ ਝਾੜ ਵੀ ਪਹਿਲਾਂ ਦੇ ਮੁਕਾਬਲੇ ਵੱਧ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਮਿੱਟੀ ਦੀ ਪਰਖ ਕੀਤੀ ਜਾਂਦੀ ਹੈ ਤਾਂ ਪਤਾ ਲੱਗ ਜਾਂਦਾ ਹੈ ਕਿ ਮਿੱਟੀ ਵਿੱਚ ਕੀ ਕਮੀ ਹੈ ਤੇ ਇਸ ਨੂੰ ਕਿਵੇਂ ਠੀਕ ਕਰਨਾ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਇਸ ਮਿੱਟੀ ਵਿੱਚ ਕਿਹੜੀ ਫ਼ਸਲ ਵਧੀਆ ਹੋਵੇਗੀ।


ਇਹ ਕਾਰਡ ਕਿਵੇਂ ਬਣਦਾ?
ਇਹ ਕਾਰਡ ਬਣਾਉਣ ਲਈ, ਤੁਹਾਨੂੰ ਸਕੀਮ ਦੀ ਅਧਿਕਾਰਤ ਵੈੱਬਸਾਈਟ, soilhealth.dac.gov.in 'ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ 'ਤੇ ਮੰਗੀ ਗਈ ਜਾਣਕਾਰੀ ਨੂੰ ਭਰਕੇ ਲੌਗਿਨ ਦੇ ਵਿਕਲਪ 'ਤੇ ਕਲਿੱਕ ਕਰੋ। ਪੇਜ ਖੁੱਲ੍ਹਣ ਤੋਂ ਬਾਅਦ ਸਟੇਟ ਭਾਵ ਆਪਣਾ ਰਾਜ ਚੁਣੋ ਤੇ Continue ਦੇ ਬਟਨ 'ਤੇ ਕਲਿੱਕ ਕਰੋ। ਜੇਕਰ ਪਹਿਲੀ ਵਾਰ ਅਪਲਾਈ ਕਰ ਰਹੇ ਹੋ, ਤਾਂ ਹੇਠਾਂ ਰਜਿਸਟਰ ਨਿਊ​ਯੂਜ਼ਰ 'ਤੇ ਕਲਿੱਕ ਕਰੋ ਤੇ ਰਜਿਸਟ੍ਰੇਸ਼ਨ ਫਾਰਮ ਭਰੋ। 


ਤੁਹਾਨੂੰ ਇਸ ਰਜਿਸਟ੍ਰੇਸ਼ਨ ਫਾਰਮ ਵਿੱਚ ਉਪਭੋਗਤਾ ਸੰਗਠਨ ਦੇ ਵੇਰਵੇ, ਭਾਸ਼ਾ, ਉਪਭੋਗਤਾ ਵੇਰਵੇ, ਉਪਭੋਗਤਾ ਲੌਗਇਨ ਖਾਤੇ ਦੇ ਵੇਰਵਿਆਂ ਦੀ ਜਾਣਕਾਰੀ ਭਰਨੀ ਪਵੇਗੀ। ਫਿਰ ਫਾਰਮ ਵਿੱਚ ਸਾਰੀ ਜਾਣਕਾਰੀ ਸਹੀ ਤਰ੍ਹਾਂ ਭਰਨ ਤੋਂ ਬਾਅਦ, ਅੰਤ ਵਿਚ ਸਬਮਿਟ ਬਟਨ 'ਤੇ ਕਲਿੱਕ ਕਰੋ। ਅਜਿਹਾ ਕਰਨ ਤੋਂ ਬਾਅਦ, ਤੁਸੀਂ ਲੌਗਇਨ ਕਰ ਸਕਦੇ ਹੋ ਤੇ ਮਿੱਟੀ ਦੀ ਜਾਂਚ ਲਈ ਅਰਜ਼ੀ ਦੇ ਸਕਦੇ ਹੋ। ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਹੈਲਪਲਾਈਨ ਨੰਬਰਾਂ 011-24305591 ਤੇ 011-24305948 'ਤੇ ਵੀ ਕਾਲ ਕਰ ਸਕਦੇ ਹੋ ਜਾਂ ਤੁਸੀਂ helpdesk-soil@gov.in 'ਤੇ ਈਮੇਲ ਵੀ ਕਰ ਸਕਦੇ ਹੋ। 


ਇਹ ਵੀ ਪੜ੍ਹੋ: ਹੁਣ ਗੋਹੇ ਤੋਂ ਤਿਆਰ ਹੋਣਗੀਆਂ ਟਾਈਲਾਂ, ਜਾਣੋ ਕਿਵੇਂ ਇਹ ਵਪਾਰ ਕਿਸਾਨਾਂ ਨੂੰ ਕਰ ਰਿਹੈ ਮਾਲੋਮਾਲ


ਇਸ ਕਾਰਡ ਦੇ ਕੀ ਫਾਇਦੇ?
ਸੋਇਲ ਹੈਲਥ ਕਾਰਡ ਸਕੀਮ ਤਹਿਤ ਕੋਈ ਵੀ ਭਾਰਤੀ ਕਿਸਾਨ ਮਿੱਟੀ ਦੀ ਪਰਖ ਕਰਵਾ ਸਕਦਾ ਹੈ। ਇਸ ਕਾਰਡ ਦੀ ਮਦਦ ਨਾਲ ਕਿਸਾਨ ਇਹ ਪਤਾ ਲਗਾ ਸਕਦੇ ਹਨ ਕਿ ਜ਼ਮੀਨ ਵਿੱਚ ਕਿਹੜੇ ਪੌਸ਼ਟਿਕ ਤੱਤਾਂ ਦੀ ਕਮੀ ਹੈ, ਕਿੰਨਾ ਪਾਣੀ ਵਰਤਣਾ ਹੈ ਤੇ ਕਿਹੜੀ ਫ਼ਸਲ ਦੀ ਕਾਸ਼ਤ ਕਰਕੇ ਉਨ੍ਹਾਂ ਨੂੰ ਲਾਭ ਹੋਵੇਗਾ। ਕਾਰਡ ਬਣਾਉਣ ਤੋਂ ਬਾਅਦ ਕਿਸਾਨਾਂ ਨੂੰ ਮਿੱਟੀ ਦੀ ਸਿਹਤ, ਉਤਪਾਦਕ ਸਮਰੱਥਾ, ਮਿੱਟੀ ਦੀ ਨਮੀ ਦਾ ਪੱਧਰ, ਗੁਣਵੱਤਾ ਤੇ ਮਿੱਟੀ ਦੀਆਂ ਕਮਜ਼ੋਰੀਆਂ ਨੂੰ ਸੁਧਾਰਨ ਦੇ ਤਰੀਕੇ ਬਾਰੇ ਦੱਸਿਆ ਜਾਂਦਾ ਹੈ। ਮਿੱਟੀ ਪਰਖ ਲਈ ਦੇਸ਼ ਭਰ ਵਿੱਚ ਮਿੱਟੀ ਦੀ ਪਰਖ ਲਈ ਪ੍ਰਯੋਗਸ਼ਾਲਾਵਾਂ ਹਨ।


ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕਰਨ ਲਈ ਥਾਂ-ਥਾਂ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਪ੍ਰਯੋਗਸ਼ਾਲਾਵਾਂ ਵਿੱਚ ਵਿਗਿਆਨੀਆਂ ਦੁਆਰਾ ਜਾਂਚ ਕਰਨ ਤੋਂ ਬਾਅਦ, ਮਿੱਟੀ ਦੇ ਗੁਣਾਂ ਤੇ ਨੁਕਸਾਨਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਸੂਚੀ ਵਿੱਚ ਮਿੱਟੀ ਨਾਲ ਸਬੰਧਤ ਜਾਣਕਾਰੀ ਤੇ ਸਹੀ ਸਲਾਹ ਦਿੱਤੀ ਜਾਂਦੀ ਹੈ। ਮਿੱਟੀ ਸਿਹਤ ਕਾਰਡ ਅਨੁਸਾਰ ਖੇਤੀ ਕਰਨ ਨਾਲ ਨਾ ਸਿਰਫ਼ ਫ਼ਸਲ ਦੀ ਉਤਪਾਦਨ ਸਮਰੱਥਾ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ, ਸਗੋਂ ਖਾਦਾਂ ਦੀ ਵਰਤੋਂ ਅਤੇ ਜ਼ਮੀਨ ਦਾ ਸੰਤੁਲਨ ਬਣਾਉਣ ਵਿੱਚ ਵੀ ਮਦਦ ਮਿਲਦੀ ਹੈ।


ਇਹ ਵੀ ਪੜ੍ਹੋ: ਹਰੀਆਂ ਸਬਜ਼ੀਆਂ ਲਈ ਨਹੀਂ ਜ਼ਮੀਨ ਦੀ ਲੋੜ, ਬੱਸ ਇਸ ਫਾਰਮੂਲੇ ਨਾਲ ਖਾਓ ਘਰ ਦੀਆਂ ਔਰਗੈਨਿਕ ਸਬਜ਼ੀਆਂ