ਚੰਡੀਗੜ੍ਹ: ਹਿਮਾਚਲ ਵਿੱਚ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੂਬੇ ਦੀ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਰਹੀ ਹੈ, ਉੱਥੇ ਹੀ ਹੇਠਲੇ ਇਲਾਕਿਆਂ ਵਿੱਚ ਬਾਰਸ਼ ਹੋਣ ਨਾਲ ਕਿਸਾਨ ਬਾਗੋਬਾਗ਼ ਹਨ।

ਅਸਲ ਵਿੱਚ ਸੂਬੇ ਵਿੱਚ ਬਣੀ ਸੋਕੇ ਦੀ ਹਾਲਤ ਕਿਸਾਨਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਸੀ। ਹਾੜੀ ਦੀ ਫ਼ਸਲ ਬਰਬਾਦ ਹੋਣ ਦੇ ਕਗਾਰ ਉੱਤੇ ਸੀ। ਸਰਕਾਰ ਵੀ ਇਸ ਲਈ ਮੁਆਵਜ਼ੇ ਦੇਣ ਦੀ ਤਿਆਰੀ ਕਰ ਰਹੀ ਸੀ ਪਰ ਬਰਫ਼ਬਾਰੀ ਤੇ ਬਾਰਸ਼ ਨੇ ਹਾਲਤ ਹੀ ਬਦਲ ਦਿੱਤੀ ਹੈ।

ਤਾਜ਼ਾ ਬਰਫ਼ਬਾਰੀ ਤੇ ਬਾਰਸ਼ ਨਾਲ ਸਮੁੱਚਾ ਪ੍ਰਦੇਸ਼ ਸ਼ੀਤ ਲਹਿਹ ਦੀ ਲਪੇਟ ਵਿੱਚ ਆ ਗਿਆ ਹੈ। ਸੈਲਾਨੀ ਸਥਾਨ ਕੁਫ਼ਰੀ, ਨਾਰਕੰਡਾ, ਖਡਾਪੱਥਰ, ਕਲ਼ਪਾ ਤੇ ਮਨਾਲੀ ਆਦਿ ਸਥਾਨਾਂ ਉੱਤੇ ਵੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਸੈਲਾਨੀਆਂ ਦੇ ਰੁਖ਼ ਸ਼ਿਮਲਾ ਵੱਲ ਹੋ ਗਿਆ ਹੈ। ਮੌਸਮ ਦੇ ਇਸ ਬਦਲਾਅ ਨਾਲ ਸ਼ਿਮਲਾ ਪਹੁੰਚੇ ਯਾਤਰੀ ਤਾਜ਼ਾ ਬਰਫ਼ਬਾਰੀ ਦਾ ਜੰਮ ਕੇ ਅਨੰਦ ਲੈ ਰਹੇ ਹਨ।