ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਅੱਜ ਇੱਥੇ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਬੀਤੇ ਦਿਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦੀਆਂ ਫੀਸਾਂ 'ਚ ਕੀਤੇ ਗਏ ਭਾਰੀ ਵਾਧੇ ਖਿਲਾਫ਼ ਵਿਦਿਆਰਥੀਆਂ ਵਲੋਂ ਕੀਤੇ ਗਏ ਸ਼ਾਤਮਈ ਰੋਸ਼ ਪ੍ਰਦਰਸ਼ਨ ਮਗਰੋਂ ਚੰਡੀਗੜ੍ਹ ਪੁਲਸ ਦੁਆਰਾ 17 ਵਿਦਿਆਰਥੀਆਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਗਈ ਹੈ।
ਝੂਠੇ ਕੇਸ ਬਿਨ੍ਹਾਂ ਸ਼ਰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾ ਹੀ ਕਰਜ਼ਿਆਂ ਅਤੇ ਮਹਿੰਗਾਈ ਦੇ ਝੰਬੇ ਹੋਏ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਲਈ ਯੂਨੀਵਰਸਿਟੀ 'ਚ ਪੜ੍ਹਦੇ ਬੱਚੇ-ਬੱਚੀਆਂ ਦੀਆਂ ਫ਼ੀਸਾਂ 'ਚ ਕੀਤਾ ਵਾਧਾ ਅਸਿਹ ਅਤੇ ਅਕਹਿ ਹੈ। ਇਸ ਭਾਰੀ ਬੋਝ ਕਾਰਨ ਉਨ੍ਹਾਂ ਦੀ ਪੜ੍ਹਾਈ ਅੱਧ ਵਿਚਕਾਰ ਛੁੱਟਣ ਦਾ ਹਕੀਕੀ ਖਤਰਾ ਖੜਾ ਹੋ ਗਿਆ ਹੈ। ਇਸ ਲਈ ਫ਼ੀਸਾਂ 'ਚ ਵਾਧੇ ਦੀ ਵਾਪਸੀ ਦੀ ਹੱਕੀ ਵਿਦਿਆਰਥੀ ਮੰਗ ਤਰੁੰਤ ਮੰਨੇ ਜਾਣ ਦੀ ਮੰਗ ਵੀ ਕਿਸਾਨ ਆਗੂਆਂ ਵਲੋਂ ਕੀਤੀ ਗਈ ਹੈ। ਬਿਆਨ ਵਿਚ ਜੰਥੇਬੰਦੀ ਵਲੋਂ ਵਿਦਿਆਰਥੀਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ।