ਸੰਗਰੂਰ: ਧੂਰੀ ਵਿੱਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦੇਸ਼ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਤੇ ਮੰਗ ਪੱਤਰ ਸੌਂਪੇ। ਇਸ ਦੌਰਾਨ ਚਾਰ ਗੰਨਾ ਕਿਸਾਨ ਤੇਲ ਦੀਆਂ ਬੋਤਲਾਂ ਤੇ ਸਲਫਾਸ ਲੈ ਕੇ ਐਸਡੀਐਮ ਧੂਰੀ ਦੇ ਦਫ਼ਤਰ ਦੀ ਛੱਤ ’ਤੇ ਚੜ੍ਹ ਗਏ। ਉਨ੍ਹਾਂ ਆਪਣੀ ਬਕਾਇਆ ਰਕਮ ਲੈਣ ਦੀ ਮੰਗ ਨਾਲ ਧਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਬਾਕੀ ਸਾਥੀਆਂ ਨੇ ਪੂਰਾ SDM ਦਫ਼ਤਰ ਘੇਰ ਰੱਖਿਆ ਹੈ। ਕਿਸਾਨਾਂ ਨੇ ਐਸਡੀਐਮ ਤੇ ਤਹਿਸੀਲ ਸਮੇਤ ਹੋਰ 15 ਮੁਲਾਜ਼ਮਾਂ ਨੂੰ ਬੰਧਕ ਬਣਾਇਆ ਹੋਇਆ ਹੈ।


ਇਹ ਗੰਨਾ ਕਿਸਾਨ ਸ਼ੂਗਰ ਮਿੱਲ ਤੋਂ ਪਿਛਲੇ ਸਾਲ ਤੇ ਇਸ ਸਾਲ ਦੀ ਬਕਾਇਆ ਰਕਮ ਤੁਰੰਤ ਦਿਵਾਉਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ’ਤੇ ਹੀ ਬੰਧਕ ਬਣਾਏ ਮੁਲਾਜ਼ਮਾਂ ਨੂੰ ਰਿਹਾਅ ਕਰਨਗੇ। ਦੱਸ ਦੇਈਏ ਕਿ ਮਿੱਲ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਨਾ ਹੋਣ ਕਰਕੇ ਕਿਸਾਨ 3 ਥਾਈਂ ਧਰਨਾ ਦੇ ਰਹੇ ਹਨ।

ਇਸ ਮੌਕੇ ਕਿਸਾਨ ਲੀਡਰ ਅਵਤਾਰ ਸਿੰਘ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਨੂੰ ਬਕਾਇਆ ਰਕਮ ਨਹੀਂ ਮਿਲ ਜਾਂਦੀ, ਉਦੋਂ ਤਕ ਉਹ ਧਰਨਾ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਕੱਲ੍ਹ ਰਾਤ ਉਨ੍ਹਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਪਰ ਉਸ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ। ਇਸੇ ਲਈ ਉਨ੍ਹਾਂ ਐਸਡੀਐਮ, ਤਹਿਸੀਲਦਾਰ ਤੇ 15 ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ।

ਉੱਧਰ ਇਸ ਮਾਮਲੇ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਧਨਸ਼ਾਮ ਥੋਰੀ ਨੇ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਤੇ ਮਿੱਲ ਪ੍ਰਬੰਧਕਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਰਾਤ ਦੀ ਮੀਟਿੰਗ ਬੇਨਤੀਜਾ ਨਿਕਲਣ ਤੋਂ ਬਾਅਦ ਉਹ ਫਿਰ ਸ਼ੂਗਰ ਮਿੱਲ ਮੈਨੇਜਮੈਂਟ ਕਮੇਟੀ ਤੇ ਕਿਸਾਨ ਯੂਨੀਅਨਾਂ ਦੇ ਲੀਡਰਾਂ ਨੂੰ ਬੁਲਾ ਰਹੇ ਹਨ।