ਚੰਡੀਗੜ੍ਹ: ਪੰਜਾਬ ਵਿੱਚ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਕਰਨ ਲਈ ਕਿਸਾਨ ਜਥੇਬੰਦੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਕਰਨ ਲਈ ਸੰਘਰਸ਼ ਵਿੱਢਿਆ ਹੈ। ਸੋਮਵਾਰ ਨੂੰ ਪੰਜਾਬ ਦੇ 18 ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦੇ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਸਰਕਾਰ ਦੇ ਨਾਂ ਮੰਗ ਪੱਤਰ ਸੌਂਪੇ ਗਏ।


ਕਿਸਾਨਾਂ ਦਾ ਤਰਕ ਸੀ ਕਿ 15 ਤੋਂ 20 ਜੂਨ ਨੂੰ ਝੋਨੇ ਦੀ ਲੁਆਈ ਕਰਨ ਨਾਲ਼ ਫਸਲ ਪੱਕਣ ਸਮੇਂ ਮੌਸਮ ਦੇ ਬਦਲਾਅ ਕਾਰਨ ਨਮੀ ਵਧ ਜਾਂਦੀ ਹੈ। ਇਸ ਕਾਰਨ ਕਿਸਾਨ ਨੂੰ ਆਪਣੀ ਫ਼ਸਲ ਸਣੇ ਮੰਡੀਆਂ ਵਿੱਚ ਰੁਲਣ ਸਣੇ ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਇਸ ਲਈ ਕਿਸਾਨਾਂ ਨੇ ਮੰਗ ਕੀਤੀ ਕਿ ਪਨੀਰੀ ਦੀ ਬਿਜਾਈ ਇੱਕ ਮਈ ਤੇ ਝੋਨੇ ਦੀ ਲਵਾਈ ਇੱਕ ਜੂਨ ਤੋਂ ਹੀ ਯਕੀਨੀ ਬਣਾਈ ਜਾਵੇ। ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕਿਹਾ ਕਿ ਜੇ ਸਰਕਾਰ ਨੇ ਇਹ ਮੰਗ ਨਾ ਮੰਨੀ ਤਾਂ ਕਿਸਾਨ ਧਿਰਾਂ ਹੋਰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੀਆਂ।