ਗੰਨੇ ਦੇ ਰਹਿੰਦੇ ਬਕਾਏ ਲਈ 25 ਕਰੋੜ ਜਾਰੀ...
ਏਬੀਪੀ ਸਾਂਝਾ | 15 Nov 2017 09:25 AM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਗੰਨਾ ਉਤਪਾਦਕਾਂ ਲਈ 25 ਕਰੋੜ ਦਾ ਬਕਾਇਆ ਜਾਰੀ ਕਰ ਦਿੱਤਾ ਹੈ। ਬਾਕੀ ਬਕਾਇਆ ਛੇਤੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਵਿੱਤ ਵਿਭਾਗ ਨੇ 71.16 ਕਰੋੜ ਰੁਪਏ ਦੀ ਕੁਲ ਪੈਂਡਿੰਗ ਰਕਮ 'ਚੋਂ ਇਹ ਰਕਮ ਜਾਰੀ ਕੀਤੀ ਹੈ। ਸਾਲ 2016-17 ਦੇ ਪਿੜਾਈ ਸੀਜ਼ਨ ਦੌਰਾਨ ਕੁਲ 581.91 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ, ਜਦਕਿ ਸਹਿਕਾਰੀ ਖੰਡ ਮਿੱਲਾਂ ਨੇ 466.25 ਕਰੋੜ ਰੁਪਏ ਦੀ ਰਕਮ ਪਹਿਲਾਂ ਹੀ ਆਪਣੇ ਪੱਧਰ 'ਤੇ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਆਪਣੇ ਪੱਧਰ 'ਤੇ ਗੰਨਾ ਉਤਪਾਦਕਾਂ ਨੂੰ 45 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। 71.16 ਕਰੋੜ ਰੁਪਏ ਦੇ ਪੈਂਡਿੰਗ ਪਏ ਭੁਗਤਾਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ 25 ਕਰੋੜ ਰੁਪਏ ਦੀ ਰਕਮ ਸਬੰਧਤ ਖੰਡ ਮਿੱਲਾਂ ਰਾਹੀਂ 15 ਨਵੰਬਰ ਨੂੰ ਗੰਨਾ ਉਤਪਾਦਕਾਂ ਦੇ ਖਾਤਿਆਂ 'ਚ ਟਰਾਂਸਫਰ ਕਰ ਦਿੱਤੀਆਂ ਜਾਣਗੀਆਂ। 46.16 ਕਰੋੜ ਰੁਪਏ ਦਾ ਬਕਾਇਆ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।