ਗੰਨਾ ਕਿਸਾਨਾਂ ਨੂੰ 112 ਕਰੋੜੀ ਗੱਫਾ
ਏਬੀਪੀ ਸਾਂਝਾ | 27 Sep 2016 11:09 AM (IST)
ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਿੱਜੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਫਸੇ ਪੈਸਿਆਂ ਵਿੱਚੋਂ ਆਰਜ਼ੀ ਪ੍ਰਬੰਧ ਵਜੋਂ 112 ਕਰੋੜ ਖੁਦ ਅਦਾ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਕਿਸਾਨਾਂ ਦੇ ਗੰਨੇ ਦੇ ਬਕਾਇਆ ਭੁਗਤਾਨ ਲਈ ਨਿੱਜੀ ਖੰਡ ਮਿੱਲਾਂ ਤੋਂ 223 ਕਰੋੜ ਰੁਪਏ ਦੀ ਵਸੂਲੀ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ। ਖੰਡ ਮਿੱਲਾਂ ਵੱਲ ਫਸੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਗਏ ਪ੍ਰਸਤਾਵ ਦੇ ਅਧਾਰ ਉੱਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਦੇ ਬਕਾਏ ਲਈ ਸੂਬਾ ਸਰਕਾਰ ਵੱਲੋਂ ਆਰਜ਼ੀ ਪ੍ਰਬੰਧ ਵਜੋਂ 112 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਨਿੱਜੀ ਖੰਡ ਮਿੱਲਾਂ ਤੋਂ 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਸੂਲੀ ਕਰਨ ਲਈ ਮੰਤਰੀ ਮੰਡਲ ਵੱਲੋਂ 10 ਸਤੰਬਰ, 2015 ਤੇ 19 ਨਵੰਬਰ, 2015 ਨੂੰ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਗੰਨਾ ਕਮਿਸ਼ਨਰ ਵੱਲੋਂ ਸ਼ੁਰੂ ਕੀਤੀ ਵਸੂਲੀ ਪ੍ਰਕ੍ਰਿਆ ਸਬੰਧੀ ਮੰਤਰੀ ਮੰਡਲ ਨੇ ਕਿਸਾਨਾਂ ਦੇ ਗੰਨੇ ਦੇ ਲੰਬਿਤ ਪਏ ਭੁਗਤਾਨ ਲਈ ਨਿੱਜੀ ਖੰਡ ਮਿੱਲਾਂ ਤੋਂ 223 ਕਰੋੜ ਰੁਪਏ ਦੀ ਵਸੂਲੀ ਨੂੰ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਗੰਨੇ ਦਾ ਰੇਟ 295 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਸੀ ਪਰ ਖੰਡ ਮਿੱਲਾਂ ਨੇ 245 ਰੁਪਏ ਦੇ ਹਿਸਾਬ ਨਾਲ ਹੀ ਕਿਸਾਨਾਂ ਨੂੰ ਭੁਗਤਾਨ ਕੀਤਾ ਸੀ, ਜਿਸ ’ਤੇ ਕਿਸਾਨਾਂ ਨੇ ਪਿਛਲੇ ਸਾਲ ਵੱਡੇ ਪੱਧਰ ’ਤੇ ਸੰਘਰਸ਼ ਆਰੰਭ ਕਰ ਦਿੱਤਾ ਸੀ। ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਇਹ ਮੰਨਿਆ ਸੀ ਕਿ 50 ਰੁਪਏ ਕਿਸਾਨਾਂ ਨੂੰ ਸਰਕਾਰ ਦੇਵੇਗੀ। ਇਸ ਸਬੰਧ ਵਿੱਚ ਸਰਕਾਰ ਨੇ ਨਿੱਜੀ ਖੰਡ ਮਿੱਲਾਂ ਨੂੰ ਪੱਤਰ ਜਾਰੀ ਕਰਕੇ ਕਿਸਾਨਾਂ ਦਾ ਰਹਿੰਦਾ ਬਕਾਇਆ ਦੇਣ ਲਈ ਕਿਹਾ ਸੀ ਪਰ ਮਿੱਲਾਂ ਨੇ ਆਪਣੀ ਮਜ਼ਬੂਰੀ ਦੱਸ ਕੇ ਇਹ ਬਕਾਇਆ ਨਾ ਦਿੱਤਾ ਜਿਸ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸ਼ੰਘਰਸ਼ ਸ਼ੁਰੂ ਕਰ ਦਿੱਤਾ ਸੀ। ਇਸ ਸਰਕਾਰ ਨੇ ਫਿਲਹਾਲ ਆਰਜ਼ੀ ਤੌਰ 'ਤੇ ਕਿਸਾਨਾਂ ਦਾ ਬਕਾਇਆ ਖੁਦ ਦੇਣ ਦਾ ਫੈਸਲਾ ਕੀਤਾ ਹੈ ਜੋ ਕਿ ਸਰਕਾਰ ਮਿੱਲਾਂ ਤੋਂ ਖੁਦ ਉਗਰਾਹੇਗੀ।