ਗੁਰਦਾਸਪੁਰ: ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਬਾਲੀਵੁੱਡ ਸਿਤਾਰੇ ਸੰਨੀ ਦਿਓਲ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਬੋਲਣ ਲਈ ਕੋਈ ਕਾਹਲੀ ਨਹੀਂ ਕਰਨੀ ਚਾਹੁੰਦੇ। ਬਲਕਿ ਸੰਨੀ ਦਿਓਲ ਪਹਿਲਾਂ ਚੋਣ ਜਿੱਤਣਾ ਚਾਹੁੰਦੇ ਹਨ ਤੇ ਫਿਰ ਸਿੱਖ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ।

'ਏਬੀਪੀ ਸਾਂਝਾ' ਨਾਲ ਖ਼ਾਸ ਗੱਲਬਾਤ ਕਰਦਿਆਂ ਜਦ ਸੰਨੀ ਦਿਓਲ ਨੂੰ ਜਦ ਪੁੱਛਿਆ ਗਿਆ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ। ਇਸ 'ਤੇ ਸੰਨੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਲਈ ਫਿਲਹਾਲ ਸਿੱਖਣਾ ਜ਼ਰੂਰੀ ਹੈ ਕਿਸੇ ਵੀ ਮੁੱਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਉਹ ਉਸ ਨੂੰ ਸਮਝਣਾ ਚਾਹੁੰਦੇ ਹਨ।

ਸੰਨੀ ਦੀ ਜ਼ੁਬਾਨ 'ਤੇ ਇਹ ਗੱਲ ਵਾਰ-ਵਾਰ ਆ ਰਹੀ ਸੀ ਕਿ ਉਹ ਪਹਿਲਾਂ ਚੋਣ ਜਿੱਤਣਗੇ ਤੇ ਫਿਰ ਗੁਰਦਾਸਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨਗੇ। ਆਪਣੀਆਂ ਰੈਲੀਆਂ ਤੇ ਜਲਸਿਆਂ ਵਿੱਚ ਵੀ ਸੰਨੀ ਦਿਓਲ ਦਾ ਜ਼ਿਆਦਾਤਰ ਸਮਾਂ ਆਪਣੇ ਫ਼ਿਲਮੀ ਡਾਇਲਾਗ ਬੋਲਦਿਆਂ ਜਾਂ ਵੋਟਾਂ ਪਾਉਣ ਲਈ ਅਪੀਲ ਕਰਨ ਦਾ ਲੰਘ ਜਾਂਦਾ ਹੈ। ਹਾਲੇ ਤਕ ਸੰਨੀ ਦਿਓਲ ਆਪਣੇ ਸੰਸਦੀ ਹਲਕੇ ਦੇ ਲੋਕਾਂ ਆਪਣੇ ਵਿਜ਼ਨ ਬਾਰੇ ਜਾਣੂੰ ਕਰਵਾਉਣ ਵਿੱਚ ਬਹੁਤੇ ਸਫਲ ਨਹੀਂ ਹੋਏ ਜਾਪਦੇ।

ਜ਼ਿਕਰਯੋਗ ਹੈ ਕਿ ਸੰਨੀ ਤੇ ਉਸ ਦੇ ਪਿਤਾ ਧਰਮਿੰਦਰ ਦੋਵੇਂ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਸਿਆਸਤ ਦੀ ਕੋਈ ਸਮਝ ਨਹੀਂ ਹੈ ਪਰ ਉਹ ਦੇਸ਼ ਭਗਤ ਹਨ। ਸੰਨੀ ਦੇ ਪਿਤਾ ਧਰਮਿੰਦਰ ਵੀ ਬੀਜੇਪੀ ਤੋਂ ਹੀ ਆਪਣੀ ਸੰਸਦੀ ਪਾਰੀ ਦੀ ਸ਼ੁਰੂਆਤ ਕਰਨ ਮਗਰੋਂ ਜਲਦੀ ਹੀ ਸਿਆਸਤ ਤੋਂ ਤੌਬਾ ਵੀ ਕਰ ਗਏ ਸਨ। ਹੁਣ ਸੰਨੀ ਦੇ ਸਿਆਸੀ ਕਰੀਅਰ ਦਾ ਹਸ਼ਰ ਕੀ ਹੋਵੇਗਾ, ਇਸ ਦਾ ਫੈਸਲਾ ਇਨ੍ਹਾਂ ਲੋਕ ਸਭਾ ਚੋਣਾਂ ਨੇ ਕਰ ਦੇਣਾ ਹੈ।

ਦੇਖੋ ਵੀਡੀਓ-