ਚੰਡੀਗੜ੍ਹ: ਕੰਬਾਈਨਾਂ ’ਤੇ ਸੁਪਰ ਮੈਨੇਜਮੈਂਟ ਸਿਸਟਮ ਲਵਾਉਣ ਦੀਆਂ ਹਦਾਇਤਾਂ ਖ਼ਿਲਾਫ਼ ਕਿਸਾਨ ਤੇ ਕੰਬਾਈਨ ਮਾਲਕ ਡਟ ਗਏ ਹਨ। ਪੰਜਾਬ ਸਰਕਾਰ ਨੇ ਝੋਨੇ ਦੀ ਰਹਿੰਦ-ਖੂੰਹਦ ਸਾੜਨ ਤੋਂ ਰੋਕਣ ਲਈ ਕੰਬਾਈਨ ਮਾਲਕ ਇਹ ਹਦਾਇਤਾਂ ਕੀਤੀਆਂ ਹਨ।
ਕਿਸਾਨ ਤੇ ਕੰਬਾਈਨ ਮਾਲਕ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੰਬਾਈਨ ਮਾਲਕਾਂ ਨੇ ਉਪਕਰਨ ਤੋਂ ਬਗੈਰ ਹੀ ਝੋਨੇ ਦੀ ਕਟਾਈ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਵੀ ਇਸ ਮਸਲੇ ’ਤੇ ਯੂਨੀਅਨ ਦੀ ਹਮਾਇਤ ਵਿੱਚ ਆ ਗਏ ਹਨ। ਉਧਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਸਬੰਧੀ 23 ਸਤੰਬਰ ਨੂੰ ਮੀਟਿੰਗ ਸੱਦੀ ਗਈ ਹੈ।
ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਜਨਰਲ ਸਕੱਤਰ ਜਗਮੋਹਣ ਉਪਲ ਦਾ ਕਹਿਣਾ ਸੀ ਕਿ ਕੰਬਾਈਨਾਂ ’ਤੇ ਅਜਿਹਾ ਉਪਕਰਨ ਲਾਉਣ ਦੇ ਸਰਕਾਰੀ ਫ਼ਰਮਾਨ ਦਾ ਇਹ ਜਥੇਬੰਦੀਆਂ ਡਟਵਾਂ ਵਿਰੋਧ ਕਰਦੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਪਰਾਲ਼ੀ ਸੰਭਾਲਣ ਲਈ ਸਰਕਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 4-5 ਹਜ਼ਾਰ ਬੋਨਸ ਦੇਵੇ ਜਾਂ ਫੇਰ ਹੋਰ ਢੁਕਵੇਂ ਪ੍ਰਬੰਧ ਕਰੇ।