ਕੇਪਟਾਊਨ- ਦੱਖਣੀ ਅਫਰੀਕਾ ਵਿੱਚ 16 ਅਤੇ 17 ਸਾਲ ਦੀਆਂ ਦੋ ਕੁੜੀਆਂ ਨੇ ਪੂਰੀ ਦੁਨੀਆ ਵਿੱਚ ਧਮਾਲ ਮਚਾ ਦਿੱਤੀ ਹੈ। ਇਨ੍ਹਾਂ ਦੋ ਕੁੜੀਆਂ ਨੇ ਅਫਰੀਕਾ ਦਾ ਪਹਿਲਾ ਨਿੱਜੀ ਸੈਟੇਲਾਈਟ ਬਣਾ ਲਿਆ ਹੈ ਤੇ ਉਨ੍ਹਾਂ ਦਾ ਸੁਪਨਾ ਹੈ ਕਿ ਉਨ੍ਹਾਂ ਦਾ ਬਣਾਇਆ ਇਹ ਸੈਟੇਲਾਈਟ ਪੁਲਾੜ ਵਿਚ ਪਹੁੰਚੇ ਅਤੇ ਦੇਸ਼ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕਰੇ। ਇਹ ਸੈਟੇਲਾਈਟ ਉਪ ਮਹਾਂਦੀਪ ਵਿਚ ਖੇਤੀਬਾੜੀ ਤੇ ਫੂਡ ਸਕਿਓਰਿਟੀ (ਭੋਜਨ ਪਦਾਰਥਾਂ ਦੀ ਸਾਂਭ-ਸੰਭਾਲ) ਦੀਆਂ ਸੂਚਨਾਵਾਂ ਇਕੱਠੀਆਂ ਕਰੇਗਾ।


ਸੈਟੇਲਾਈਟ ਬਣਾਉਣ ਵਾਲੀਆਂ 17 ਸਾਲਾ ਬ੍ਰਿਟਨੀ ਬੁਲ ਅਤੇ 16 ਸਾਲਾ ਸੀਸਮ ਗੇਨਿਕਵਸਾ ਦੋਵੇਂ ਦੱਖਣੀ ਅਫਰੀਕਾ ਦੇ ਕੇਪਟਾਊਨ ਸ਼ਹਿਰ ਦੇ ਇਕ ਸਕੂਲ ਵਿਚ ਪੜ੍ਹਦੀਆਂ ਹਨ। ਉਨ੍ਹਾਂ ਨੇ ਇਸ ਸੈਟੇਲਾਈਟ ਲਈ ਪੇਲੋਡ ਵੀ ਬਣਾਇਆ ਹੈ। ਇਸ ਨੂੰ ਬਣਾਉਣ ਵਾਲੀਆਂ ਵਿਦਿਆਰਥਣਾਂ ਦਾ ਇਹ ਕਹਿਣਾ ਹੈ ਕਿ ਇਸ ਨਾਲ ਅਫਰੀਕਾ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਸਕੇਗੀ।

ਬੁਲ ਅਤੇ ਸੀਸਮ ਦਾ ਕਹਿਣਾ ਹੈ ਕਿ ਇਸ ਸੈਟੇਲਾਈਟ ਤੋਂ ਇਹ ਪਤਾ ਲਾਉਣਾ ਸੌਖਾ ਹੋ ਜਾਵੇਗਾ ਕਿ ਕਿਨ੍ਹਾਂ ਸਥਾਨਾਂ ਉੱਤੇ ਖੇਤੀ ਕੀਤੀ ਜਾ ਸਕਦੀ ਹੈ ਤੇ ਕਿੱਥੇ ਵਧੇਰੇ ਤੋਂ ਵਧੇਰੇ ਰੁੱਖ ਲਾਏ ਜਾ ਸਕਦੇ ਹਨ। ਇਸ ਨਾਲ ਮੌਸਮ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ, ਜਿਸ ਨਾਲ ਆਫਤ ਨਾਲ ਨਜਿੱਠਣ ਦੀ ਅਗੇਤੀ ਤਿਆਰੀ ਕੀਤੀ ਜਾ ਸਕੇਗੀ।

ਦੋਵਾਂ ਕੁੜੀਆਂ ਨੇ ਇਸ ਸੈਟੇਲਾਈਟ ਨੂੰ ਇਕ ਵਿਸ਼ੇਸ਼ ਪ੍ਰਾਜੈਕਟ ਅਧੀਨ ਬਣਾਇਆ ਹੈ, ਜਿਸ ਲਈ ਦੱਖਣੀ ਅਫਰੀਕਾ ਮੇਟਾ ਇਕਨਾਮਿਕਸ ਡੈਵਲਪਮੈਂਟ ਆਰਗੇਨਾਈਜੇਸ਼ਨ ਤੇ ਅਮਰੀਕਾ ਦੀ ਮੋਰਹੇਡ ਸਟੇਟ ਯੂਨੀਵਰਸਿਟੀ ਨੇ ਮਿਲ ਕੇ ਕੰਮ ਕੀਤਾ ਹੈ। ਇਸ ਪ੍ਰਾਜੈਕਟ ਲਈ 14 ਸਕੂਲੀ ਵਿਦਿਆਰਥਣਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸੈਟੇਲਾਈਟ ਇੰਜੀਨੀਅਰਾਂ ਵੱਲੋਂ ਕੇਪ ਪੇਨਿਨਸੁਲਾ ਯੂਨੀਵਰਸਿਟੀ ਆਫ ਟੈਕਨਾਲੋਜੀ ਵਿਚ ਟਰੇਨਿੰਗ ਦਿੱਤੀ ਗਈ ਸੀ।