ਚੰਡੀਗੜ੍ਹ: ਅੱਜ ਦੇਸ਼ ਦਾ ਕਿਸਾਨ ਘਾਟੇਵੰਦੀ ਖੇਤੀ ਨੂੰ ਲੈ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਕਿਸਾਨ ਕਰਜ਼ ਮੁਆਫ਼ੀ ਤੇ ਖੇਤੀ 'ਚ ਆਮਦਨ ਨੂੰ ਲੈ ਕੇ ਸੜਕਾਂ 'ਤੇ ਰੋਸ ਜ਼ਾਹਿਰ ਕਰ ਰਿਹਾ ਹੈ। ਦੂਜੇ ਪਾਸੇ ਅਜਿਹੀਆਂ ਕੰਪਨੀਆਂ ਵੀ ਹਨ ਜਿਹੜੀਆਂ ਸਿਰਫ਼ ਕਿਸਾਨਾਂ ਤੋਂ ਹੀ ਕਰੋੜਾਂ ਦੀ ਕਮਾਈ ਕਰ ਰਹੀਆਂ ਹਨ। ਐਗਰੀਕਲਚਰ ਸੈਕਟਰ ਦੀਆਂ ਇਹ ਕੰਪਨੀਆਂ ਸਿਰਫ਼ ਕਿਸਾਨਾਂ ਉੱਤੇ ਹੀ ਨਿਰਭਰ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕੰਪਨੀਆਂ ਦੇ ਸਟਾਕ ਵਿੱਚ 76 ਫ਼ੀਸਦੀ ਤੱਕ ਵਾਧਾ ਹੋਇਆ ਹੈ।


1. ਯੂਪੀਐਲ:

ਇਹ ਕੰਪਨੀ ਬੀਜਾਂ, ਫ਼ਸਲਾਂ ਦੀ ਸੁਰੱਖਿਆ ਤੇ ਸੋਕੇ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਚੌਥੇ ਕੁਆਟਰ ਵਿੱਚ ਇਸ ਕੰਪਨੀ ਦੀ ਨੈੱਟ ਆਮਦਨ 191 ਕਰੋੜ ਤੋਂ ਵਧ ਕੇ 741 ਕਰੋੜ ਰੁਪਏ ਹੋ ਗਈ ਹੈ। ਇੰਨਾ ਹੀ ਨਹੀਂ ਕੰਪਨੀ ਦੀ ਆਮਦਨ 4568 ਕਰੋੜ ਤੋਂ ਵਧ ਕੇ 5537 ਕਰੋੜ ਰੁਪਏ ਹੋ ਗਈ। ਪੂਰੇ ਸਾਲ ਵਿੱਚ ਕੰਪਨੀ ਦੀ ਕਮਾਈ 17,123 ਕਰੋੜ ਰੁਪਏ ਰਹੀ। ਪਿਛਲੇ ਵਿੱਤੀ ਸਾਲ ਵਿੱਚ ਕੰਪਨੀ ਨੂੰ 951 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਸੀ। ਇਸ ਕੰਪਨੀ ਦਾ ਸਟਾਕ ਪਿਛਲੇ ਇੱਕ ਸਾਲ ਵਿੱਚ 45 ਫ਼ੀਸਦੀ ਵਧਿਆ ਹੈ।

2. ਕੋਰੋਮੰਡਲ ਇੰਟਨੈਸਨਲ:

ਇਹ ਕੰਪਨੀ ਖਾਦ ਦਾ ਉਤਪਾਦਨ ਤੇ ਮੰਡੀਕਰਨ ਕਰਦੀ ਹੈ। ਕੰਪਨੀ ਦੇ ਚੌਥੇ ਕੁਆਟਰ ਵਿੱਚ ਮੁਨਾਫ਼ਾ 56 ਫ਼ੀਸਦੀ ਤੋਂ ਵਧ ਕੇ 144 ਕਰੋੜ ਰਿਹਾ ਹੈ। ਹਾਲਾਂਕਿ ਕੰਪਨੀ ਦੀ ਆਮਦਨ 3058 ਕਰੋੜ ਤੋਂ ਘਟ ਕੇ 2302 ਕਰੋੜ ਰੁਪਏ 'ਤੇ ਆਈ ਹੈ ਪਰ ਦੂਜੇ ਪਾਸੇ ਪੂਰੇ ਸਾਲ ਲਈ ਮੁਨਾਫ਼ਾ 357 ਕਰੋੜ ਤੋਂ ਵੱਧ ਕੇ 477 ਕਰੋੜ ਰੁਪਏ ਰਿਹਾ ਹੈ। ਇਸ ਕੰਪਨੀ ਦੇ ਐਗਰੀ ਖੇਤਰ ਵਿੱਚ 650 ਤੋਂ ਜ਼ਿਆਦਾ ਰਿਟੇਲ ਸੈਂਟਰ ਹਨ। ਕੋਰੋਮੰਡਲ ਇੰਟਨੈਸਨਲ ਦਾ ਸਟਾਕ ਪਿਛਲੇ ਇੱਕ ਸਾਲ ਦੌਰਾਨ 76 ਫ਼ੀਸਦੀ ਵਧਿਆ ਹੈ।

3. ਪੀਆਈ ਇੰਡਸਟਰੀਜ਼:

ਫ਼ਸਲ ਸੁਰੱਖਿਆ ਨਾਲ ਜੁੜੀ ਇਹ ਕੰਪਨੀ ਦੀ ਆਮਦਨ 3.8 ਫ਼ੀਸਦੀ ਵਧ ਕੇ 606 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਕੰਪਨੀ ਕੋਲ ਇੰਸੈਕਟੀਸਾਈਡਜ਼, ਫੰਗੀਸਾਈਡਜ਼ ਤੇ ਹਰਬੀਸਾਈਡ ਦੇ 40 ਤੋਂ ਜ਼ਿਆਦਾ ਬਰੈਂਡ ਮੌਜੂਦ ਹਨ। ਇਸ ਦਾ ਪਿਛਲੇ ਇੱਕ ਸਾਲ ਵਿੱਚ 22 ਫ਼ੀਸਦੀ ਸਟਾਕ ਵਧਿਆ। ਉੱਥੇ ਹੀ ਕੰਪਨੀ ਦੀ ਨੈੱਟ ਮੁਨਾਫ਼ਾ 41 ਫ਼ੀਸਦੀ ਵਧ ਕੇ 135 ਕਰੋੜ ਰੁਪਏ ਤੱਕ ਪਹੁੰਚ ਗਿਆ। ਪੂਰੇ ਸਾਲ ਵਿੱਚ ਕੰਪਨੀ ਦੀ ਆਮਦਨ ਅੱਠ ਫ਼ੀਸਦੀ ਵਧ ਕੇ 2383 ਕਰੋੜ ਰੁਪਏ ਹੋ ਗਈ ਹੈ।

4. ਰੈਲੀਜ਼ ਇੰਡੀਆ:

ਟਾਟਾ ਕੈਮੀਕਲਜ਼ ਦੀ ਕੰਪਨੀ ਰੈਲੀਜ਼ ਇੰਡੀਆ ਐਗਰੀ ਸੈਕਟਰ ਵਿੱਚ ਹੈ। ਕੰਪਨੀ ਫ਼ਸਲ ਸੁਰੱਖਿਆ, ਬੀਜ, ਪਲਾਂਟ ਗ੍ਰੋਥ ਸਮੇਤ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦਿੰਦੀ ਹੈ। ਚੌਥੇ ਕੁਆਟਰ ਵਿੱਚ ਕੰਪਨੀ ਦੀ ਕੁੱਲ ਆਮਦਨ 367 ਕਰੋੜ ਰੁਪਏ ਰਹੀ। ਉੱਥੇ ਹੀ ਪਿਛਲੇ ਸਾਲ ਇਸੇ ਕੁਆਟਰ ਵਿੱਚ ਕੰਪਨੀ ਨੂੰ 371 ਕਰੋੜ ਰੁਪਏ ਦੀ ਆਮਦਨ ਹੋਈ ਸੀ। ਉੱਥੇ ਹੀ ਕੰਪਨੀ ਦਾ ਮੁਨਾਫ਼ਾ ਪਿਛਲੇ ਸਾਲ 34 ਕਰੋੜ ਦੇ ਮੁਕਾਬਲੇ 31 ਕਰੋੜ ਰੁਪਏ ਰਿਹਾ। ਪੂਰੇ ਸਾਲ ਕੰਪਨੀ ਦਾ ਮੁਨਾਫ਼ਾ 19 ਫ਼ੀਸਦੀ ਵਧਿਆ। ਪਿਛਲੇ ਸਾਲ ਕੰਪਨੀ ਦਾ ਸਟਾਕ ਕਰੀਬ 17 ਫ਼ੀਸਦੀ ਵਧਿਆ ਸੀ।

5. ਮੌਨਸੈਂਟੋ ਇੰਡੀਆ:

ਇਸ ਕੰਪਨੀ ਦੇ ਸਟਾਕ ਵਿੱਚ ਪਿਛਲੇ ਸਾਲ 16 ਫ਼ੀਸਦੀ ਦੀ ਚੜ੍ਹਤ ਦੇਖੀ ਗਈ। ਸਟਾਕ ਫ਼ਿਲਹਾਲ 2776 ਕਰੋੜ ਰੁਪਏ ਦਾ ਸਟਾਕ ਕਾਰੋਬਾਰ ਕਰ ਰਿਹਾ ਹੈ। ਕੰਪਨੀ ਬੀਜ ਖੇਤਰ ਨਾਲ ਸਬੰਧਤ ਹੈ। ਫ਼ਸਲਾਂ, ਸਬਜ਼ੀਆਂ ਤੇ ਫਲਾਂ ਦੇ ਬੀਜ ਤਿਆਰ ਕਰਦੀ ਹੈ। ਚੌਥੇ ਕੁਆਟਰ ਵਿੱਚ ਕੰਪਨੀ ਦਾ ਮੁਨਾਫ਼ਾ 25 ਫ਼ੀਸਦੀ ਵਧ ਕੇ 30 ਕਰੋੜ ਰੁਪਏ ਤੱਕ ਪਹੁੰਚ ਗਿਆ। ਪਿਛਲੇ ਸਾਲ ਇਸ ਕੁਆਟਰ ਵਿੱਚ ਕੰਪਨੀ ਦਾ ਮੁਨਾਫ਼ਾ 24 ਕਰੋੜ ਰੁਪਏ ਸੀ।