ਬਟਾਲਾ: ਮੀਂਹ ਨਾਲ ਬਟਾਲਾ ਦੀ ਦਾਣਾ ਮੰਡੀ ਵਿੱਚ ਪਈਆਂ 3000 ਬਾਸਮਤੀ ਦੀਆਂ ਬੋਰੀਆਂ ਗਿੱਲੀਆਂ ਹੋ ਗਈਆਂ। ਇਨ੍ਹਾਂ ਬੋਰੀਆਂ ਤੇ ਨਾ ਤਾਂ ਕੋਈ ਤਰਪਾਲ ਸੀ ਤੇ ਨਾ ਹੀ ਹੇਠਾਂ ਕੋਈ ਰੈਕ। ਇਨ੍ਹਾਂ ਬੋਰੀਆਂ ਦਾ ਰੱਖ ਰਖਾਵ ਠੀਕ ਢੰਗ ਨਾਲ ਨਾ ਹੋਣ ਕਾਰਨ ਇਨ੍ਹਾਂ ਅੰਦਰ ਭਰੀ ਫਸਲ ਮੀਂਹ ਨਾਲ ਗਿੱਲੀ ਹੋ ਗਈ। ਦੱਸ ਦੇਈਏ ਕਿ ਇੱਕ ਬੋਰੀ ਵਿੱਚ 35 ਕਿਲੋ ਦੇ ਕਰੀਬ ਫਸਲ ਭਰੀ ਜਾਂਦੀ ਹੈ। ਇਸ ਦਾ ਹਿਸਾਬ ਲਾਇਆ ਜਾਏ ਤਾਂ ਲੱਖਾਂ ਦਾ ਨੁਕਸਾਨ ਹੋਇਆ ਹੈ।

ਆੜਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਫਸਲ ਦੇ ਗਿੱਲੇ ਹੋਣ ਪਿਛੇ ਕਾਰਨ ਲੇਬਰ ਨਾ ਹੋਣਾ ਹੈ। ਆੜਤੀ ਨੇ ਦਾਅਵਾ ਕੀਤਾ ਕਿ ਇਹ ਸਾਰੀ ਫਸਲ ਪ੍ਰਾਈਵੇਟ ਡੀਲਰਾਂ ਨੇ ਖਰੀਦ ਲਈ ਹੈ। ਇਸ ਲਈ ਇਸ ਵਿੱਚ ਸਰਕਾਰ ਦਾ ਕੋਈ ਨੁਕਸਾਨ ਨਹੀਂ।

ਉਧਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ, "ਕੇਂਦਰ ਸਰਕਾਰ ਨੂੰ ਜਲਦ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਸਾਰਾ ਸਾਮਾਨ ਆ ਜਾ ਸਕੇ। ਬਰਦਾਨਾ ਤੇ ਯੂਰੀਆ ਵੀ ਨਹੀਂ ਹੈ ਤੇ ਇੰਡਸਟਰੀ ਵਿੱਚ ਵੀ ਸਾਮਾਨ ਸਪਲਾਈ ਲਈ ਤਿਆਰ ਪਿਆ ਹੈ ਪਰ ਮਾਲ ਗੱਡੀਆਂ ਨਾ ਚੱਲਣ ਕਾਰਨ ਮੁਸ਼ਕਲ ਆ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਜਲਦ ਰੇਲ ਸੇਵਾ ਚਾਲੂ ਕਰਨੀ ਚਾਹੀਦੀ ਹੈ।"