ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਨੇ ਕਿਹਾ ਕਿ "ਕਿਸਾਨ ਆਪਣੇ ਖੇਤੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਸਮੇਂ ਦੀਆਂ ਸਰਕਾਰਾਂ ਖਿਲਾਫ ਲੜਾਈ ਲੜਦੇ ਆ ਰਹੇ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਸਵਿਧਾਨਕ ਸੋਧਾਂ ਰਾਹੀਂ ਬਣਾਏ ਕਾਨੂੰਨਾਂ ਨਾਲ ਰਾਹ ਪੱਧਰਾ ਕਰ ਦਿੱਤਾ ਹੈ।ਜਿਸ ਦੇ ਖਿਲਾਫ ਪੂਰੇ ਭਾਰਤ ਦੇ ਕਿਸਾਨ ਲੱਕ ਬੰਨ੍ਹ ਕੇ ਲੜਾਈ ਲੜਨ ਦਾ ਅਹਿਦ ਕਰ ਚੁੱਕੇ ਹਨ ਅਤੇ ਆਪਣੀਆਂ ਜ਼ਮੀਨਾਂ ਤੇ ਕਿਸੇ ਵੀ ਕਾਰਪੋਰੇਟ ਘਰਾਣੇ ਨੂੰ ਪੈਰ ਨਹੀਂ ਧਰਨ ਦੇਣਗੇ।"
ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਭਾਰਤ ਦੇ ਕਿਸਾਨ ਦਿੱਲੀ ਵੱਲ 26-27 ਨਵੰਬਰ ਨੂੰ ਕੂਚ ਕਰਨਗੇ ਅਤੇ ਰਾਜਧਾਨੀ ਘੇਰਨਗੇ।ਕਿਸਾਨਾਂ ਦਾ ਇਹ ਮੋਰਚਾ ਵਰਦੇ ਮੀਂਹ ਵਿੱਚ ਵੀ ਦ੍ਰਿੜਤਾ ਨਾਲ ਚਲ ਰਿਹਾ ਹੈ।