ਲਾਹੌਰ- ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਟਮਾਟਰ 300 ਰੁਪਏ ਕਿਲੋ ਵਿਕ ਰਹੇ ਹਨ। ਭਾਅ ਵਧਣ ਪਿੱਛੋਂ ਵੀ ਉਹ ਭਾਰਤ ਤੋਂ ਟਮਾਟਰ ਨਹੀਂ ਖਰੀਦ ਰਿਹਾ। ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੌੜ ਦੇ ਬਾਰੇ ਪਾਕਿਸਤਾਨ ਦੇ ਖੁਰਾਕ ਸੁਰੱਖਿਆ ਮੰਤਰੀ ਸਿਕੰਦਰ ਹਯਾਤ ਬੋਸਨ ਨੇ ਇਹ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਘਰੇਲੂ ਬਾਜ਼ਾਰ ਵਿੱਚ ਟਮਾਟਰ ਦੀ ਕਿੱਲਤ ਹੋ ਗਈ ਹੈ। ਹਰ ਸਾਲ ਮੰਗ ਤੇ ਸਪਲਾਈ ਦੇ ਪੈਦਾ ਹੁੰਦੇ ਫਰਕ ਨੂੰ ਭਾਰਤ ਤੋਂ ਇੰਪੋਰਟ ‘ਤੇ ਰੋਕ ਲਗਾਉਣ ਦੇ ਕਾਰਨ ਮੰਗ ਅਤੇ ਸਪਲਾਈ ਵਿੱਚ ਭਾਰੀ ਫਰਕ ਪੈਦਾ ਹੋ ਗਿਆ ਹੈ। ਸਥਾਨਕ ਦੁਕਾਨਦਾਰਾਂ ਵਿੱਚ ਇਸ ਸਮੇਂ ਸਿੰਧ ਸੂਬੇ ਦੇ ਉਤਪਾਦਾਂ ਦੇ ਬਾਜ਼ਾਰ ਵਿੱਚ ਆਉਣ ਦੀ ਉਡੀਕ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਾਲ ਦੇ ਦਿਨਾਂ ਵਿੱਚ ਇਸ ਦੀ ਕੀਮਤ 100 ਤੋਂ 120 ਰੁਪਏ ਕਿਲੋ ਸੀ। ਸਰਕਾਰ ਨੇ ਇਸ ਦੀ ਕੀਮਤ 132 ਤੋਂ 140 ਰੁਪਏ ਪ੍ਰਤੀ ਕਿਲੋ ਤੈਅ ਕਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਟਮਾਟਰ ਦੇ ਸੀਜਨ ਦੌਰਾਨ ਭਾਰਤ ਤੋਂ ਪਾਕਿਸਤਾਨ ਨੂੰ ਅਟਾਰੀ ਸਰਹੱਦ ਰਾਹੀਂ ਕਰੀਬ ਦੋ ਸੌ ਟਰੱਕ ਟਮਾਟਰ ਦੇ ਜਾਂਦੇ ਹਨ। ਵਪਾਰੀਆਂ ਦੇ ਅਨੁਸਾਰ ਇੱਕ ਟਰੱਕ ਵਿੱਚ ਔਸਤਨ 12 ਟਨ ਟਮਾਟਰ ਆਉਂਦਾ ਹੈ ਅਤੇ ਇਸ ਹਿਸਾਬ ਨਾਲ ਕਰੀਬ ਇੱਕ ਲੱਖ ਟਨ ਟਮਾਟਰ ਦੀ ਪਾਕਿਸਤਾਨ ਨੂੰ ਸਪਲਾਈ ਹੁੰਦੀ ਹੈ। ਵਪਾਰੀਆਂ ਨੇ ਦੱਸਿਆ ਕਿ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਪਾਕਿਸਤਾਨ ਨੂੰ ਭਾਰਤ ਤੋਂ ਟਮਾਟਰ ਦੀ ਸਪਲਾਈ ਨਹੀਂ ਹੋਈ ਹੈ।