ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬ੍ਰੀਡਿੰਗ ਤੇ ਜੈਨੇਟਿਕਸ ਵਿਭਾਗ ਦੇ ਕਣਕ ਸੈਕਸ਼ਨ ਨੇ ਇਸ ਸਾਲ ਕਣਕ ਦੀਆਂ ਤਿੰਨ ਨਵੀਆਂ ਕਿਸਮਾਂ ਦੀ ਸਿਫਾਰਸ਼ ਕੀਤੀ ਹੈ। ਇਹ ਉੱਨਤ ਪੀਬੀਡਬਲਯੂ 343, ਉੱਨਤ ਪੀਬੀਡਬਲਯੂ 550 ਤੇ ਪੀਬੀਡਬਲਯੂ 1 ਜ਼ਿੰਕ ਹਨ।

1. ਉੱਨਤ ਪੀਬੀ ਡਬਲਯੂ 343 ਕਿਸਮ ਦੀ ਸਿਫਾਰਸ਼ ਸਾਰੇ ਪੰਜਾਬ ਵਾਸਤੇ ਸਮੇਂ ਸਿਰ ਸੇਂਜੂ ਹਾਲਾਤ ਵਿੱਚ ਕੀਤੀ ਗਈ ਹੈ। ਸਾਰੇ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਤੋਂ ਇਸ ਕਿਸਮ ਦੇ ਤਜਰਬੇ ਕੀਤੇ ਜਾ ਰਹੇ ਹਨ। ਇਹ ਉੱਨਤ ਪੀਬੀਡਬਲਯੂ 343 ਕਿਸਮ, ਪੁਰਾਣੀ ਪੀਬੀਡਬਲਯੂ 343 ਕਿਸਮ ਦਾ ਸੋਧਿਆ ਹੋਇਆ ਰੂਪ ਹੈ। ਪੁਰਾਣੀ ਕਿਸਮ ਨੂੰ ਪੀਲੀ ਤੇ ਭੂਰੀ ਕੁੰਗੀ ਲੱਗ ਜਾਂਦੀ ਸੀ ਜਿਸ ਕਾਰਨ ਉਸ ਦਾ ਝਾੜ ਕਾਫੀ ਘਟ ਜਾਂਦਾ ਹੈ। ਇਸ ਗੱਲ ਨੂੰ ਸੋਚਦੇ ਹੋਏ ਉਸ ਪੁਰਾਣੀ ਕਿਸਮ ਨੂੰ ਸੋਧਿਆ ਗਿਆ ਹੈ। ਉਸ ਵਿੱਚ ਕੁਝ ਜੀਨ ਪਾ ਕੇ ਉਸ ਨੂੰ ਬੀਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾ ਦਿੱਤਾ ਗਿਆ ਹੈ। ਇਸ ਦਾ ਝਾੜ ਬਾਕੀ ਕਿਸਮਾਂ ਨਾਲੋਂ ਵਧੀਆ ਰਿਹਾ ਹੈ।
ਜਿਹੜੇ ਤਜਰਬੇ ਪਿਛਲੇ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਹਨ, ਉਨ੍ਹਾਂ ਮੁਤਾਬਕ ਇਸ ਨਵੀਂ ਕਿਸਮ ਨੇ ਪੀਬੀਡਬਲਯੂ 343, ਪੀਬੀਡਬਲਯੂ 621, ਐਚਡੀ 2967, ਡਬਲਯੂਐਚ 1105, ਐਚਡੀ 3086 ਤੇ ਪੀਬੀਡਬਲਯੂ 725 ਨਾਲੋਂ ਵੱਧ ਝਾੜ ਦਿੱਤਾ ਹੈ। ਇਸ ਦੇ ਤਜਰਬੇ 2013-14 ਤੋਂ 2016-17 ਤਕ ਕੀਤੇ ਗਏ। ਕੁੱਲ 13 ਤਜਰਬਿਆਂ ਵਿੱਚ ਉੱਨਤ ਪੀਬੀਡਬਲਯੂ 343 ਦਾ ਔਸਤ ਝਾੜ 24.0 ਕੁਇੰਟਲ ਪ੍ਰਤੀ ਏਕੜ ਰਿਹਾ ਜਿਹੜਾ ਐਚਡੀ 2967 ਨਾਲੋਂ 24.8 ਤੇ ਡਬਲਯੂਐਚ 1105 ਨਾਲੋਂ 7.0 ਪ੍ਰਤੀਸ਼ਤ ਵੱਧ ਰਿਹਾ ਹੈ।
ਇਸ ਕਿਸਮ ਦੇ ਕਿਸਾਨਾਂ ਤੇ ਖੇਤਾਂ ’ਤੇ 2016-17 ਵਿੱਚ 87 ਤਜਰਬੇ ਹੋਏ ਜਿਨ੍ਹਾਂ ਵਿੱਚ ਇਸ ਨਵੀਂ ਕਿਸਮ ਨੇ 21.7 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਇਸ ਕਿਸਮ ਨੇ ਇਨ੍ਹਾਂ ਤਜਰਬਿਆਂ ਵਿੱਚ ਐਚਡੀ 3086 ਤੇ ਪੀਬੀ ਡਬਲਯੂ 725 ਨਾਲੋਂ ਵੱਧ ਝਾੜ ਦਿੱਤਾ ਹੈ। ਫਸਲ ਵਿਗਿਆਨ ਤਜਰਬਿਆਂ ਵਿੱਚ ਵੀ ਇਸ ਨਵੀਂ ਕਿਸਮ ਨੇ 23.8 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਕੁੱਲ ਸਾਰੇ ਤਜਰਬਿਆਂ ਨੂੰ ਜੇਕਰ ਮਿਲਾਇਆ ਜਾਵੇ ਤਾਂ ਇਸ ਕਿਸਮ ਨੇ 23.2 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ।
ਇਹ ਦੋਹਰੀ ਬੌਣੀ ਕਿਸਮ ਹੈ, ਜਿਸ ਦਾ ਔਸਤਨ ਕੱਦ 100 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਇਸ ਦਾ ਔਸਤਨ ਝਾੜ 23.2 ਕੁਇੰਟਲ ਪ੍ਰਤੀ ਏਕੜ ਆਉਂਦਾ ਹੈ। ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਕਿਸਮ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕਿ ਭਾਰਤ ਦੇ ਸਾਰੇ ਉੱਤਰ ਪੱਛਮੀ ਮੈਦਾਨੀ ਇਲਾਕਿਆਂ ਲਈ ਮਨਜ਼ੂਰ ਕਰ ਦਿੱਤੀ ਗਈ ਹੈ।

2. ਉੱਨਤ ਪੀਬੀ ਡਬਲਯੂ 550 ਇੱਕ ਹੋਰ ਨਵੀਂ ਕਿਸਮ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਕਿਸਮ ਵੀ ਪੁਰਾਣੀ ਪੀਬੀਡਬਲਯੂ 550 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਨੂੰ ਨਵੇਂ ਜੀਨ ਪਾ ਕੇ ਤਿਆਰ ਕੀਤਾ ਗਿਆ ਹੈ। ਇਸ ਕਿਸਮ ਦੇ ਤਜਰਬੇ ਵੀ ਸਾਰੇ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਹਨ। ਉੱਨਤ ਪੀਬੀਡਬਲਯੂ 550 ਦੇ ਤਜਰਬੇ 2013-14 ਤੋਂ 2016-17 ਤੱਕ ਕੀਤੇ ਗਏ ਹਨ। ਕੁੱਲ 26 ਤਜਰਬਿਆਂ ਵਿੱਚ ਉੱਨਤ ਪੀਬੀਡਬਲਯੂ 550 ਨੇ 24.2 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ ਜਿਹੜਾ ਕਿ ਪੀਬੀਡਬਲਯੂ 550 ਨਾਲੋਂ 19.2 ਪ੍ਰਤੀਸ਼ਤ ਵੱਧ ਹੈ।
ਇਸ ਕਿਸਮ ਨੇ ਇਨ੍ਹਾਂ ਤਜਰਬਿਆਂ ਵਿੱਚ ਐਚਡੀ 2967 ਨਾਲੋਂ 19.6 ਤੇ ਐਚਡੀ 3086 ਨਾਲੋਂ 2.5 ਤੇ ਡਬਲਯੂਐਚ 1105 ਨਾਲੋਂ 6.6 ਪ੍ਰਤੀਸ਼ਤ ਵੱਧ ਝਾੜ ਦਿੱਤਾ ਹੈ। ਕਿਸਾਨਾਂ ਦੇ ਖੇਤਾਂ ਤੇ 2016-17 ਵਿੱਚ 112 ਤਜਰਬੇ ਹੋਏ ਜਿਨ੍ਹਾਂ ਵਿੱਚ ਨਵੀਂ ਕਿਸਮ ਨੇ 21.5 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਫਸਲ ਵਿਗਿਆਨ ਦੇ ਤਜਰਬੇ 2016-17 ਵਿੱਚ ਕੀਤੇ ਗਏ ਉਨ੍ਹਾਂ ਵਿੱਚ ਇਸ ਕਿਸਮ ਨੇ 25.4 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਕੁੱਲ ਸਾਰੇ ਤਜਰਬਿਆਂ ਵਿੱਚ ਇਸ ਕਿਸਮ ਨੇ 23.0 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ।

3.ਪੀਬੀਡਬਲਯੂ 1 ਜ਼ਿੰਕ ਦੇ ਦਾਣਿਆਂ ਵਿੱਚ ਜ਼ਿੰਕ ਦੀ ਮਾਤਰਾ ਵਧੇਰੇ ਹੈ। ਇਸ ਨਵੀਂ ਕਿਸਮ ਦੇ ਵਿੱਚ ਜ਼ਿੰਕ ਦੀ ਮਾਤਰਾ ਹੋਰਾਂ ਕਿਸਮਾਂ ਨਾਲੋਂ ਵੱਧ ਹੈ। ਇਹ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕੀਤੀ ਗਈ ਪਹਿਲੀ ਕਣਕ ਦੇ ਦਾਣਿਆਂ ਵਿੱਚ ਵਧੇਰੇ ਜ਼ਿੰਕ ਵਾਲੀ ਕਿਸਮ ਹੈ। ਪੀਬੀਡਬਲਯੂ 1 ਜ਼ਿੰਕ ਦੇ 2011-12 ਤੋਂ 2016-17 ਤੱਕ 26 ਤਜਰਬੇ ਹੋਏ ਜਿਨ੍ਹਾਂ ਵਿੱਚ ਇਸ ਕਿਸਮ ਨੇ 28.7 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ ਜੋ ਕਿ ਪੀਬੀਡਬਲਯੂ 621 ਨਾਲੋਂ 9.4 ਤੇ ਐਚਡੀ 2967 ਨਾਲੋਂ 22.6 ਪ੍ਰਤੀਸ਼ਤ ਵੱਧ ਹੈ।

ਕਿਸਾਨਾਂ ਦੇ ਖੇਤਾਂ ਵਿੱਚ ਕੀਤੇ ਗਏ ਤਜਰਬਿਆਂ ਵਿੱਚ ਜੋ 2016-17 ਵਿੱਚ ਹੋਏ ਹਨ, ਪੀਬੀਡਬਲਯੂ 1 ਜ਼ਿੰਕ ਨੇ 21.0 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਫਸਲ ਵਿਗਿਆਨ ਦੇ ਤਜਰਬਿਆਂ ਵਿੱਚ ਇਸ ਕਿਸਮ ਨੇ 25.5 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਜੇਕਰ ਸਾਰੇ ਤਜਰਬਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਨਵੀਂ ਕਿਸਮ ਨੇ 22.5 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ ਹੈ। ਇਹ ਤਕਰੀਬਨ 22.5 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਸਮੇਂ ਸਿਰ ਸੇਜ਼ੂ ਹਾਲਾਤ ਵਾਸਤੇ ਪੀਬੀਡਬਲਯੂ 725, ਪੀਬੀਡਬਲਯੂ 677, ਐਚਡੀ 3086, ਡਬਲਯੂਐਚ 1105, ਐਚਡੀ 2967 ਤੇ ਪੀਬੀਡਬਲਯੂ 621 ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪੀਬੀਡਬਲਯੂ 725, 154 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਔਸਤਨ ਝਾੜ 22.9 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ। ਐਚਡੀ 3086 ਦਾ ਔਸਤਨ ਝਾੜ 23.0 ਕੁਇੰਟਲ ਪ੍ਰਤੀ ਏਕੜ ਹੈ। ਡਬਲਯੂਐਚ 1105 ਕਿਸਮ ਦਾ ਔਸਤਨ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ। ਐਚਡੀ 2967 ਕਿਸਮ ਤੇ ਪੀਲੀ ਅਤੇ ਭੂਰੀ ਕੁੰਗੀ ਦਾ ਹਮਲਾ ਹੋ ਜਾਂਦਾ ਹੈ। ਔਸਤਨ ਝਾੜ 21.1 ਕੁਇੰਟਲ ਪ੍ਰਤੀ ਏਕੜ ਹੈ।

ਵਡਾਣਕ ਕਿਸਮਾਂ ਵਿੱਚ ਦੋ ਪ੍ਰਮੁੱਖ ਕਿਸਮਾਂ ਡਬਲਯੂਐਚਡੀ 943 ਤੇ ਪੀਡੀਡਬਲਯੂ 291 ਹਨ ਤੇ ਇਸ ਦਾ ਔਸਤ ਝਾੜ 19.8 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮਾਂ ਪੀਲੀ ਤੇ ਭੂਰੀ ਕੁੰਗੀ, ਸਿੱਟੇ ਤੇ ਪੱਤੇ ਦੀ ਕਾਂਗਿਆਰੀ ਤੇ ਕਰਨਾਲ ਬੰਟ ਰੋਗਾਂ ਦਾ ਟਾਕਰਾ ਕਰ ਸਕਦੀਆਂ ਹਨ। ਟ੍ਰਿਟੀਕੇਲ ਦੀ ਕਿਸਮ ਟੀਐਲ 2908 ਸਮੇਂ ਸਿਰ ਸੇਂਜੂ ਹਾਲਾਤ ਵਾਸਤੇ ਬਿਜਾਈ ਲਈ ਢੁੱਕਵੀਂ ਹੈ। ਇਸ ਕਿਸਮ ਨੂੰ ਪੀਲੀ ਤੇ ਭੂਰੀ ਕੁੰਗੀ, ਕਰਨਾਲ ਬੰਟ, ਪੱਤੇ ਤੇ ਸਿੱਟੇ ਦੀ ਕਾਂਗਿਆਰੀ ਤੇ ਚਿੱਟੇ ਧੱਬਿਆਂ ਦੀ ਬੀਮਾਰੀ ਨਹੀਂ ਲੱਗਦੀ। ਹੋਰ ਬਿਮਾਰੀਆਂ ਬਾਰੇ ਫਸਲ ਦੀ ਬਿਜਾਈ ਨੇੜੇ ਪਤਾ ਲੱਗੇਗਾ।