ਲੰਡਨ- ਇੰਗਲੈਂਡ ਵਿਚ ਇਕ ਟਰੈਜ਼ਰ ਹੰਟਰ ਨੇ ਸਿਰਫ ਮੈਟਲ ਡਿਟੈਕਟਰ ਦੀ ਮਦਦ ਨਾਲ ਕਰੋੜਾਂ ਦਾ ਖਜ਼ਾਨਾ ਖੋਜ ਕੱਢਿਆ ਹੈ। 35 ਸਾਲ ਦੇ ਮਾਇਕ ਸਮੇਲ ਨੇ ਬਰਿਡਪੋਰਟ ਵਿਚ ਇਕ ਕਿਸਾਨ ਦੇ ਖੇਤ ਤੋਂ ਰੋਮਨ ਸਾਮਰਾਜ ਦੇ 2 ਹਜ਼ਾਰ ਸਾਲ ਤੋਂ ਵੀ ਜ਼ਿਆਦਾ ਪੁਰਾਣੇ ਸਿੱਕੇ ਖੋਜ ਲਏ ਹਨ।


ਮਾਇਕ ਨੂੰ ਇਸ ਖੇਤ ਵਿਚ ਕਰੀਬ 600 ਸਿੱਕੇ ਮਿਲੇ ਹਨ, ਜਿਨ੍ਹਾਂ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਨ੍ਹਾਂ ਸਿੱਕਿਆਂ ਨੂੰ ਵੈਲਿਉਏਸ਼ਨ ਲਈ ਕੋਰੋਨਰ ਕੋਲ ਭੇਜਿਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਮਿਊਜੀਅਮ ਨੂੰ ਵੇਚ ਦਿੱਤਾ ਜਾਵੇਗਾ। ਮਾਇਕ ਨੂੰ ਇਹ ਸਿੱਕੇ ਓਦੋਂ ਮਿਲੇ, ਜਦੋਂ ਉਹ ਆਪਣੇ ਦੋਸਤਾਂ ਨਾਲ ਖਜ਼ਾਨੇ ਦੀ ਖੋਜ ਵਿਚ ਕਿਸਾਨ ਦੇ ਖੇਤ ਦੇ ਚੱਕਰ ਲਾ ਰਿਹਾ ਸੀ।

ਉਸ ਦੇ ਦੱਸਣ ਮੁਤਾਬਕ ਇਕ ਜਗ੍ਹਾ ਉਨ੍ਹਾਂ ਦਾ ਮੈਟਲ ਡਿਟੈਕਟਰ ਤੇਜ਼ੀ ਨਾਲ ਆਵਾਜ਼ ਕਰਨ ਲੱਗਾ, ਜਿਸ ਤੋਂ ਬਾਅਦ ਖੁਦਾਈ ਦੌਰਾਨ ਉਨ੍ਹਾਂ ਨੂੰ ਕੁਝ ਸਿੱਕੇ ਮਿਲ ਗਏ। ਮਾਇਕ ਨੇ ਸਿੱਕੇ ਮਿਲਦੇ ਸਾਰ ਏਰੀਆ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਅਤੇ ਅਧਿਕਾਰੀਆਂ ਦੇ ਆਉਣ ਪਿੱਛੋਂ ਖੇਤ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ।

ਸਿੱਕਿਆਂ ਦੀ ਪਛਾਣ ਕਰਨ ਵਾਲੇ ਐਕਸਪਰਟਸ ਦੇ ਮੁਤਾਬਕ ਹਜ਼ਾਰਾਂ ਸਾਲ ਪੁਰਾਣੇ ਇਹ ਸਿੱਕੇ ਰੋਮਨ ਸਾਮਰਾਜ ਨਾਲ ਜੁੜਦੇ ਹਨ ਅਤੇ ਇਕ ਸਿੱਕਾ 900 ਪੌਂਡ ਵਿਚ ਵਿਕ ਸਕਦਾ ਹੈ। ਮਾਇਕ ਨੂੰ ਇਸ ਦੀ ਅੱਧੀ ਰਕਮ ਉਸ ਖੇਤ ਦੇ ਮਾਲਿਕ ਕਿਸਾਨ ਨੂੰ ਵੀ ਦੇਣੀ ਪਵੇਗੀ।