ਉਦੇਪੁਰ: ਜ਼ਿਲ੍ਹਾ ਉਦੇਪੁਰ ਦੇ ਕਸਬਾ ਮੇਨਾਰ ਦੇ ਕਿਸਾਨ ਰਮੇਸ਼ ਚੰਦਰ ਲੁਣਾਵਤ ਨੇ ਸਾਬਿਤ ਕਰ ਦਿੱਤਾ ਹੈ ਕਿ ਕੱਦੂ ਦੀ ਖੇਤੀ ਕਰਕੇ ਵੀ ਭਾਗ ਖੋਲ੍ਹੋ ਜਾ ਸਕਦੇ ਹਨ। ਦਸ ਵਿਘੇ ਜ਼ਮੀਨ 'ਤੇ ਕੀਤੀ ਕੱਦੂਆਂ ਦੀ ਖੇਤੀ ਨੇ ਕਿਸਾਨ ਦੀ ਕਿਸਮਤ ਬਦਲ ਦਿੱਤੀ। ਰਮੇਸ਼ ਨੇ ਤਿੰਨ ਮਹੀਨਿਆਂ ਵਿੱਚ ਸਾਢੇ ਤਿੰਨ ਲੱਖ ਰੁਪਏ ਦਾ ਮੁਨਾਫ਼ਾ ਕਮਾਇਆ। ਹੁਣ ਮੇਨਾਰ ਤੇ ਆਸਪਾਸ ਦੇ ਕਿਸਾਨ ਵੀ ਰਮੇਸ਼ ਵਾਂਗ ਉੱਨਤ ਖੇਤੀ ਕਰਕੇ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।


ਉਦੇਪੁਰ ਜ਼ਿਲ੍ਹੇ ਦੀ ਵੱਲਭਨਗਰ ਤਹਿਸੀਲ ਦੇ ਮੇਨਾਰ ਪਿੰਡ ਵਿੱਚ ਕਿਸਾਨ ਰਮੇਸ਼ ਨੇ ਅਪਰੈਲ ਦੇ ਅਖੀਰਲੇ ਦਿਨਾਂ ਵਿੱਚ ਉੱਨਤ ਤਰੀਕੇ ਨਾਲ ਕੱਦੂ ਦੀ ਫਸਲ ਬੀਜੀ ਸੀ। ਪਿੰਡ ਦੇ ਕਿਸਾਨਾਂ ਨੂੰ ਪਤਾ ਹੀ ਨਹੀਂ ਸੀ ਕਿ ਗਰਮੀਆਂ ਵਿੱਚ ਘੱਟ ਪਾਣੀ ਵਿੱਚ ਕੱਦੂ ਦੀ ਫਸਲ ਇੰਨੀ ਫਾਇਦੇਮੰਦ ਹੋਏਗੀ। ਪਰ ਰਮੇਸ਼ ਇਹ ਗੱਲ ਜਾਣਦੇ ਸੀ ਕੇ ਕੱਦੂ ਦੀ ਫਸਲ ਲਈ ਹਰ ਹਫ਼ਤੇ ਸਿੰਚਾਈ ਦੀ ਲੋੜ ਹੁੰਦੀ ਹੈ।


ਕਿਸਾਨ ਰਮੇਸ਼ ਮੁਤਾਬਕ ਉਹ ਪਿਛਲੇ ਚਾਰ ਸਾਲਾਂ ਤੋਂ ਕੱਦੂ ਦੀ ਖੇਤੀ ਕਰਦੇ ਆਏ ਹਨ ਤੇ ਹਰ ਸਾਲ ਉਨ੍ਹਾਂ ਦੀ ਸਫਲਤਾ ਦਾ ਫੀਸਦ ਵਧਦਾ ਗਿਆ। 2016 ਵਿੱਚ ਉਨ੍ਹਾਂ ਨੂੰ ਡੇਢ ਵਿਘੇ ਜ਼ਮੀਨ ਤੋਂ ਚੰਗੀ ਆਮਦਨੀ ਹੋਈ। ਇਸ ਦੇ ਬਾਅਦ ਉਹ ਫਸਲ ਦਾ ਰਕਬਾ ਵਧਾਉਂਦੇ ਗਏ ਤੇ ਇਸ ਸਾਲ 10 ਵਿਘੇ ਜ਼ਮੀਨ ਤੇ ਕੱਦੂ ਬੀਜਿਆ।


ਪਿਛਲੇ ਦੋ ਹਫ਼ਤਿਆਂ ਤੋਂ ਵੱਡੀ ਤਾਦਾਦ 'ਚ ਕੱਦੂ ਵੇਚ ਕੇ ਉਨ੍ਹਾਂ ਹਰ ਦਿਨ ਹਜ਼ਾਰਾਂ ਦੀ ਕਮਾਈ ਕੀਤੀ। ਉਨ੍ਹਾਂ ਮੁਤਾਬਕ ਪ੍ਰਤੀ ਵਿਘਾ 50 ਤੋਂ 60 ਕਵੰਟਲ ਕੱਦੂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ। ਰਮੇਸ਼ ਹੁਣ ਤਕ 200 ਕੁਇੰਟਲ ਤੋਂ ਵੱਧ ਕੱਦੂ ਵੇਚ ਚੁੱਕੇ ਹਨ ਤੇ ਥੋਕ ਬਾਜ਼ਾਰ ਵਿੱਚ ਕੱਦੂ 5 ਤੋਂ 9 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਰਮੇਸ਼ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਹਾਲੇ 300 ਕੁਇੰਟਲ ਕੱਦੂ ਹੋਰ ਲੱਗਣਗੇ।