ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ, ਕਿਉਂਕਿ ਇਸ ਸਮੇਂ ਫਲ-ਸਬਜ਼ੀਆਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ।

ਹੜ੍ਹਾਂ ਕਾਰਨ ਸਬਜ਼ੀਆਂ ਖ਼ਰਾਬ ਹੋਣ ਕਰਕੇ ਮਹਿੰਗਾਈ ਵੱਧ ਗਈਆਂ ਹਨ। ਹਿਮਾਚਲ ਤੋਂ ਚੰਡੀਗੜ੍ਹ ਵਿੱਚ ਆਉਣ ਵਾਲੀ ਸਬਜ਼ੀ ਪੰਜ ਦਿਨਾਂ ਤਕ ਮੰਡੀ ਦੇ ਵਿੱਚ ਨਹੀਂ ਪਹੁੰਚ ਸਕੀ, ਜਿਸ ਕਰਕੇ ਸਬਜ਼ੀ ਦੇ ਰੇਟ ਆਸਮਾਨ ਨੂੰ ਛੂਹ ਗਏ। ਟਮਾਟਰ ਤੇ ਪਿਆਜ਼ ਦੇ ਰੇਟ ਨੇ ਤਾਂ ਲੋਕਾਂ ਦੇ ਹੋਸ਼ ਹੀ ਉਡਾ ਦਿੱਤੇ ਹਨ।

ਸ਼ੁੱਕਰਵਾਰ ਨੂੰ ਪੰਜ ਦਿਨਾਂ ਬਾਅਦ ਮੰਡੀ ਦੇ ਵਿੱਚ ਟਮਾਟਰ ਅਤੇ ਪਿਆਜ਼ ਪਹੁੰਚਣਾ ਸ਼ੁਰੂ ਹੋਇਆ ਤੇ ਇਸ ਤੋਂ ਪਹਿਲਾਂ ਪਿਆਜ਼-ਟਮਾਟਰ ਦੇ ਰੇਟ ਦੁੱਗਣੇ ਹੋ ਗਏ ਸਨ। ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀ ਵੀ ਹੁਣ ਗ਼ਰੀਬ ਬੰਦੇ ਵਾਸਤੇ ਨਹੀਂ ਰਹੀ। ਹਾਲਾਂਕਿ, ਇਸ ਦੇ ਨਾਲ ਕੁਝ ਲੋਕਾਂ ਨੇ ਵਪਾਰੀਆਂ 'ਤੇ ਵੀ ਇਲਜ਼ਾਮ ਲਗਾਏ ਕਿਹਾ ਕਿ ਵਪਾਰੀਆਂ ਵੱਲੋਂ ਸਟਾਕ ਕੀਤੇ ਜਾਣ ਕਰਕੇ ਸਬਜ਼ੀ ਮਹਿੰਗੀ ਹੋ ਰਹੀ ਹੈ।

ਚੰਡੀਗੜ੍ਹ ਦੀ ਮੰਡੀ ਵਿੱਚ 90 ਰੁਪਏ ਕਿੱਲੋ ਟਮਾਟਰ, 50 ਰੁਪਏ ਕਿੱਲੋ ਪਿਆਜ਼, ਖੀਰਾ 30 ਰੁਪਏ ਕਿੱਲੋ ਤਕ ਪਹੁੰਚ ਗਿਆ ਹੈ। ਮਹਿੰਗੀ ਸਬਜ਼ੀ ਨੂੰ ਦੇਖ ਕੇ ਕੁਝ ਲੋਕਾਂ ਨੇ ਆਪਣੀ ਖਰੀਦ ਵੀ ਘਟਾ ਦਿੱਤੀ ਹੈ। ਉੱਧਰ, ਆੜ੍ਹਤੀਆਂ ਦਾ ਕਹਿਣਾ ਹੈ ਕਿ ਪਿਆਜ਼, ਟਮਾਟਰ, ਖੀਰਾ ਤੇ ਬੀਨਜ਼ 'ਤੇ ਸਭ ਤੋਂ ਵੱਧ ਫ਼ਰਕ ਪਿਆ ਹੈ ਤੇ ਇਨ੍ਹਾਂ ਸਬਜ਼ੀਆਂ ਦੇ ਰੇਟ ਹੀ ਵਧੇ ਹਨ।