ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੱਲ੍ਹ ਪੂਰੇ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਅਤੇ 13 ਦਸੰਬਰ ਨੂੰ ਧੁੰਦ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਇਹ ਬਾਰਸ਼ ਤੇ ਧੁੰਦ ਨਾਲ ਕਣਕ ਦੀ ਫ਼ਸਲ ਨੂੰ ਫਾਇਦਾ ਪੁੱਜੇਗਾ।

ਖੇਤੀ ਮਾਹਰਾਂ ਨੇ ਕਿਹਾ ਹੈ ਕਿ ਕਣਕ ਦੇ ਨਾਲ-ਨਾਲ ਇਹ ਮੀਂਹ ਸਬਜ਼ੀਆਂ ਲਈ ਕਾਫੀ ਫਾਇਦੇਮੰਦ ਰਹੇਗਾ। ਇਸ ਸਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਵੀ ਇਸ ਮੌਸਮ ਦੇ ਮੀਂਹ ਨੂੰ ਫ਼ਸਲ ਲਈ ਚੰਗਾ ਦੱਸਿਆ। ਇਸ ਤੋਂ ਪਹਿਲਾਂ ਠੰਢ ਘੱਟ ਪੈਣ ਕਰਕੇ ਕਿਸਾਨ ਚਿੰਤਾ ਵਿੱਚ ਸਨ ਕਿਉਂਕਿ ਵੱਧ ਤਾਪਮਾਨ ਕਣਕ ਦੀ ਨਿੱਸਰ ਰਹੀ ਫ਼ਸਲ ਲਈ ਨੁਕਸਾਨਦਾਇਕ ਹੁੰਦਾ ਹੈ।

ਮੌਸਮ ਵਿਭਾਗ ਦੀ ਮਾਹਰ ਕੇ.ਕੇ. ਗਿੱਲ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਪੰਜਾਬ ਭਰ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਮੀਂਹ ਕਣਕ ਦੀ ਫਸਲ ਲਈ ਕਾਫੀ ਫਾਇਦੇਮੰਦ ਰਹੇਗਾ। ਇਹ ਪੱਛਮੀ ਚੱਕਰਵਾਤ ਦੇ ਅਸਰ ਕਾਰਨ ਹੋਏਗਾ। ਮੌਸਮ ਏਜੰਸੀ ਸਕਾਈਮੈਟ ਨੇ ਵੀ ਦੱਸਿਆ ਹੈ ਕਿ ਉੱਤਰੀ ਭਾਰਤ ਵਿੱਚ ਪੱਛਮੀ ਇਲਾਕੇ ਵੱਲੋਂ ਗੜਬੜੀਆਂ ਆ ਰਹੀਆਂ ਹਨ ਜਿਸ ਕਰਕੇ ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ ਤੇ ਚੰਡੀਗੜ੍ਹ ਵਿੱਚ ਗਰਜ ਤੇ ਚਮਕ ਦੇ ਨਾਲ ਬਾਰਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ- ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਬਾਰਸ਼ ਦੀ ਸੰਭਾਵਨਾ, ਵਧੇਗੀ ਠੰਢ