ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਮੌਨਸੂਨ ਨੇ ਕੁਝ ਦਿਨਾਂ ਦੇ ਅੰਤਰਾਲ ਤੋਂ ਬਾਅਦ ਸਰਗਰਮੀ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਦੱਖਣੀ ਤੇ ਮੱਧ ਭਾਰਤ ਵਿੱਚ ਮੀਂਹ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰਾ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਉੜੀਸਾ ਦੇ ਸਮੁੰਦਰੀ ਖੇਤਰ ਤੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਲੱਗਦੀ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ।


ਉਨ੍ਹਾਂ ਕਿਹਾ, "ਬਾਰਸ਼ ਦੀ ਗਤੀਵਿਧੀ ਦੁਬਾਰਾ ਸ਼ੁਰੂ ਹੋਵੇਗੀ। ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ ਦੱਖਣੀ ਪ੍ਰਾਇਦੀਪ ਦੇ ਉੱਤਰੀ ਹਿੱਸੇ ਤੇ ਮੱਧ ਭਾਰਤ ਵਿੱਚ ਬਾਰਸ਼ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉੱਤਰੀ ਭਾਰਤ ਤੇ ਗੁਜਰਾਤ ਵਿੱਚ ਹਲਕੀ ਬਾਰਸ਼ ਜਾਰੀ ਰਹਿ ਸਕਦੀ ਹੈ। ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਮੀਂਹ ਦੀਆਂ ਗਤੀਵਿਧੀਆਂ ਹੌਲੀ ਹੋ ਗਈਆਂ ਸਨ।"


ਆਈਐਮਡੀ ਨੇ ਕਿਹਾ ਕਿ ਅਗਲੇ ਪੰਜ ਦਿਨਾਂ 'ਚ ਬੰਗਾਲ, ਉੜੀਸਾ, ਬਿਹਾਰ, ਝਾਰਖੰਡ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਤੇਲੰਗਾਨਾ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਵਿਦਰਭ ਵਿੱਚ ਵਿਆਪਕ ਬਾਰਸ਼ ਹੋ ਸਕਦੀ ਹੈ। ਰਾਜਸਥਾਨ ਮੌਸਮ ਵਿਭਾਗ ਦੇ ਨਿਰਦੇਸ਼ਕ ਰਾਧੇਸ਼ਿਆਮ ਸ਼ਰਮਾ ਅਨੁਸਾਰ, ਪ੍ਰਤਾਪਗੜ੍ਹ, ਬਾਂਸਵਾੜਾ, ਝਾਲਾਵਾੜ, ਉਦੈਪੁਰ, ਡੂੰਗਰਪੁਰ, ਕੋਟਾ, ਬਾਰਨ, ਰਾਜਸਮੰਦ, ਚਿਤੌੜਗੜ੍ਹ ਜ਼ਿਲ੍ਹਿਆਂ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਹਲਕੀ ਬਾਰਸ਼ ਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।


ਇਸ ਦੇ ਨਾਲ ਹੀ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ 20 ਅਗਸਤ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ। ਆਈਐਮਡੀ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਜੈਪੁਰ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸਪਾਸ ਰਹੇਗਾ। ਮਹਾਰਾਸ਼ਟਰ ਦੇ ਮੌਸਮ ਬਾਰੇ ਗੱਲ ਕਰਦਿਆਂ ਆਈਐਮਡੀ ਨੇ ਅਗਲੇ 24 ਘੰਟਿਆਂ ਦੌਰਾਨ ਮੁੰਬਈ ਤੇ ਉਪਨਗਰਾਂ 'ਚ ਦਰਮਿਆਨੀ ਬਾਰਸ਼ ਦੀ ਸੰਭਾਵਨਾ ਦੇ ਨਾਲ ਵੱਖਰੇ ਸਥਾਨਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।


ਦੁਪਹਿਰ ਤਕ ਆਈਐਮਡੀ ਨੇ ਮੁੰਬਈ, ਠਾਣੇ, ਰਾਏਗੜ੍ਹ, ਰਤਨਾਗਿਰੀ ਤੇ ਪਾਲਘਰ ਲਈ ਪੀਲੀ ਚਿਤਾਵਨੀ ਜਾਰੀ ਕੀਤੀ ਹੈ। ਮਤਲਬ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਜ਼ਿਲ੍ਹੇ ਲਈ ਪੂਰਵ ਅਨੁਮਾਨ ਤੇ ਚੇਤਾਵਨੀਆਂ ਦੇ ਅਨੁਸਾਰ ਦੱਖਣੀ ਕੋਂਕਣ ਖੇਤਰ-ਰਾਏਗੜ੍ਹ, ਰਤਨਾਗਿਰੀ ਤੇ ਸਿੰਧੁਦੁਰਗ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਵੱਖਰੇ ਸਥਾਨਾਂ ਤੇ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।