Weather Updates: ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਕਿਹਾ ਹੈ ਕਿ ਦੱਖਣ-ਪੱਛਮੀ ਮਾਨਸੂਨ ਦੇ ਮੁੜ ਐਕਟਿਵ ਹੋਣ ਨਾਲ ਦੱਖਣੀ, ਪੱਛਮੀ ਅਤੇ ਉੱਤਰੀ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਅੱਜ ਕਰਨਾਟਕ, ਤਾਮਿਲਨਾਡੂ ਤੇ ਕੇਰਲ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਤੋਂ ਬਾਅਦ ਤੀਬਰਤਾ 'ਚ ਕਮੀ ਆਵੇਗੀ।


ਤੇਲੰਗਾਨਾ-ਛੱਤੀਸਗੜ੍ਹ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ


ਆਈਐਮਡੀ ਅਨੁਸਾਰ ਸੰਭਾਵਿਤ ਘੱਟ ਦਬਾਅ ਵਾਲੇ ਖੇਤਰ ਦੇ ਪੱਛਮ-ਉੱਤਰ-ਪੱਛਮ ਵੱਲ ਜਾਣ ਕਾਰਨ 7 ਸਤੰਬਰ ਮਤਲਬ ਅੱਜ ਦੱਖਣੀ ਉੜੀਸ਼ਾ, ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ, ਵਿਦਰਭ ਤੇ ਦੱਖਣੀ ਛੱਤੀਸਗੜ੍ਹ ਦੇ ਬਹੁਤ ਸਾਰੇ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਹੈ ਕਿ ਉੱਤਰੀ ਮਰਾਠਵਾੜਾ, ਉੱਤਰੀ ਮੱਧ ਮਹਾਰਾਸ਼ਟਰ, ਉੱਤਰੀ ਕੋਂਕਣ ਤੇ ਗੁਜਰਾਤ ਦੇ ਖੇਤਰ 'ਚ 7-9 ਸਤੰਬਰ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ।


ਹਿਮਾਚਲ, ਉੱਤਰਾਖੰਡ, ਉੱਤਰੀ ਪੰਜਾਬ ਵਿੱਚ ਵੀ ਪੈ ਸਕਦਾ ਮੀਂਹ


7-8 ਸਤੰਬਰ ਦੌਰਾਨ ਉੱਤਰੀ ਕੋਂਕਣ, 8 ਸਤੰਬਰ ਨੂੰ ਮੱਧ ਮਹਾਰਾਸ਼ਟਰ ਤੇ ਗੁਜਰਾਤ ਖੇਤਰ ਵਿੱਚ ਤੇ 7 ਸਤੰਬਰ ਨੂੰ ਤੇਲੰਗਾਨਾ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 7-9 ਸਤੰਬਰ ਦੌਰਾਨ ਉੱਤਰ-ਪੱਛਮੀ ਭਾਰਤ ਦੇ ਬਹੁਤੇ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਪੰਜਾਬ ਤੇ ਜੰਮੂ ਖੇਤਰ ਤੇ ਪੂਰਬੀ ਰਾਜਸਥਾਨ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਸ਼ ਹੋਵੇਗੀ।


ਅੱਜ ਦੇ ਮੌਸਮ ਦੀ ਭਵਿੱਖਬਾਣੀ


ਦੱਖਣੀ ਉੜੀਸ਼ਾ, ਦੱਖਣੀ ਛੱਤੀਸਗੜ੍ਹ, ਤੇਲੰਗਾਨਾ, ਮਹਾਰਾਸ਼ਟਰ, ਰਾਇਲਸੀਮਾ, ਕੇਰਲਾ ਦੇ ਕੁਝ ਹਿੱਸਿਆਂ, ਕਰਨਾਟਕ, ਦੱਖਣੀ ਮੱਧ ਪ੍ਰਦੇਸ਼ ਤੇ ਪੂਰਬੀ ਗੁਜਰਾਤ 'ਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਪੈ ਸਕਦੀ ਹੈ।


ਉੱਤਰ-ਪੂਰਬੀ ਭਾਰਤ, ਪੱਛਮੀ ਬੰਗਾਲ, ਸਿੱਕਮ, ਕੇਰਲਾ, ਅੰਡੇਮਾਨ ਤੇ ਨਿਕੋਬਾਰ ਟਾਪੂਆਂ, ਲਕਸ਼ਦੀਪ, ਮੱਧ ਪ੍ਰਦੇਸ਼ ਦੇ ਬਾਕੀ ਹਿੱਸਿਆਂ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਪੂਰਬੀ ਰਾਜਸਥਾਨ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਸੰਭਵ ਹੈ।


ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਦਿੱਲੀ, ਪੰਜਾਬ, ਹਰਿਆਣਾ, ਜੰਮੂ -ਕਸ਼ਮੀਰ, ਲੱਦਾਖ, ਤਾਮਿਲਨਾਡੂ, ਲਕਸ਼ਦੀਪ 'ਚ ਹਲਕੀ ਬਾਰਸ਼ ਦੀ ਸੰਭਾਵਨਾ ਹੈ।