ਨਵੀਂ ਦਿੱਲੀ: ਕਿਸਾਨ ਮਹਾਂਪੰਚਾਇਤ ਨੂੰ 'ਸਿਆਸੀ ਇਕੱਠ' ਕਰਾਰ ਦਿੰਦਿਆਂ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਨੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ 'ਤੇ ਦੋਸ਼ ਲਾਇਆ ਹੈ ਕਿ ਉਹ ਦੇਸ਼ ਦੇ ਵਿਰੋਧੀਆਂ ਦੀ 'ਕਠਪੁਤਲੀ' ਬਣ ਰਹੇ ਹਨ। ਯੂਪੀ ਦੇ ਮੁਜ਼ੱਫਰਨਗਰ ਹਲਕੇ ਤੋਂ ਸੰਸਦ ਮੈਂਬਰ ਬਾਲਿਆਨ ਨੇ ਕਿਸਾਨਾਂ ਨੂੰ ਇਸ ਬਾਰੇ ਸੋਚਣ ਲਈ ਕਿਹਾ ਕਿ ਕੀ ਉਹ ਕੇਂਦਰ ਸਰਕਾਰ ਵਿਰੁੱਧ ਆਪਣੇ ਅੰਦੋਲਨ ਲਈ ਪਾਕਿਸਤਾਨ ਸਰਕਾਰ ਤੋਂ ਸ਼ਲਾਘਾ ਚਾਹੁੰਦੇ ਹਨ?


ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਦੇ ਸਬੰਧ ਵਿੱਚ ਰੇਡੀਓ ਪਾਕਿਸਤਾਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸੰਜੀਵ ਬਾਲਿਆਨ ਨੇ ਕਿਹਾ,'ਜਦੋਂ ਚੋਣਾਂ ਆਉਂਦੀਆਂ ਹਨ, ਹਰ ਕੋਈ ਰੈਲੀ ਵਿੱਚ ਹਿੱਸਾ ਲੈਂਦਾ ਹੈ ਤੇ ਯੂਪੀ ਵਿੱਚ ਬਹੁਤ ਸਾਰੀਆਂ ਰੈਲੀਆਂ ਹੁੰਦੀਆਂ ਹਨ ਪਰ ਕਿਸਾਨ ਨੇਤਾਵਾਂ ਨੂੰ ਇਸ ਬਾਰੇ ਸੋਚਣ ਦੀ ਲੋੜ ਹੈ ਕਿ ਕੀ ਉਹ ਪਾਕਿਸਤਾਨ ਸਰਕਾਰ ਦੀ ਪ੍ਰਸ਼ੰਸਾ ਚਾਹੁੰਦੇ ਹਨ?

ਉਨ੍ਹਾਂ ਕਿਹਾ, 'ਜਿਹੜੇ ਲੋਕ ਭਾਰਤ ਦੇ ਦੁਸ਼ਮਣ ਹਨ ਜਾਂ ਸਾਡਾ ਵਿਰੋਧ ਕਰਦੇ ਹਨ, ਕੀ ਇਹ ਨੇਤਾ ਚਾਹੁੰਦੇ ਹਨ ਕਿ ਪਾਕਿਸਤਾਨ ਜਿਹੇ ਵਿਰੋਧੀਆਂ ਵੱਲੋਂ ਪਸੰਦ ਕੀਤਾ ਜਾਵੇ। ਉਨ੍ਹਾਂ ਨੂੰ ਆਪਣੇ ਲਈ ਇਹ ਫੈਸਲਾ ਕਰਨ ਦੀ ਲੋੜ ਹੈ।'' ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਅੰਦੋਲਨ ਲਈ ਸਮਰਥਨ ਲੈਣ ਲਈ ਦੂਜੀਆਂ ਸਿਆਸੀ ਪਾਰਟੀਆਂ ਦੇ 'ਹੱਥਾਂ 'ਚ ਨਾ ਖੇਡਣ' ਵਿਰੁੱਧ ਚੇਤਾਵਨੀ ਵੀ ਦਿੱਤੀ।

ਕੇਂਦਰੀ ਮੰਤਰੀ ਬਾਲਿਆਨ ਨੇ ਕਿਹਾ,'ਇਹ ਇੱਕ ਸਿਆਸੀ ਮਹਾਂ ਪੰਚਾਇਤ ਵਰਗੀ ਲੱਗਦੀ ਸੀ। ਇਸ ਇਕੱਠ ਵਿੱਚ ਕਿਸਾਨਾਂ ਨਾਲ ਜੁੜੇ ਮੁੱਦਿਆਂ ਤੇ ਸ਼ਾਇਦ ਹੀ ਕੋਈ ਚਰਚਾ ਹੋਈ ਹੋਵੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਆਪਣੇ ਏਜੰਡੇ ਪੂਰਾ ਕਰਨ ਲਈ ਕਿਸਾਨਾਂ ਦੀ “ਵਰਤੋਂ” ਕੀਤੀ ਜਾ ਰਹੀ ਹੈ। “ਅਸੀਂ ਮਹਾਪੰਚਾਇਤ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਬੈਨਰ ਤੇ ਝੰਡੇ ਵੇਖੇ। ਹਰ ਕੋਈ ਜਾਣਦਾ ਹੈ ਕਿ ਕਿਸਾਨਾਂ ਨੂੰ ਲਾਲ ਕਿਲ੍ਹੇ 'ਤੇ ਕੌਣ ਲੈ ਗਿਆ?'

ਇਹ ਧਿਆਨ ਦੇਣ ਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪਿਛਲੇ ਨੌਂ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਐਤਵਾਰ ਨੂੰ ਮੁਜ਼ੱਫਰਨਗਰ ਦੀ ਕਿਸਾਨ ਮਹਾਂਪੰਚਾਇਤ ਵਿੱਚ 27 ਸਤੰਬਰ ਨੂੰ "ਭਾਰਤ ਬੰਦ" ਦਾ ਐਲਾਨ ਕੀਤਾ ਸੀ। ਮਹਾਂਪੰਚਾਇਤ ਵਿੱਚ ਕਿਹਾ ਗਿਆ ਸੀ ਕਿ ਹੁਣ 27 ਸਤੰਬਰ ਨੂੰ 'ਭਾਰਤ ਬੰਦ' ਕੀਤਾ ਜਾਵੇਗਾ। ਕਿਸਾਨ ਮੋਰਚਾ ਨੇ ਕਿਹਾ ਹੈ ਕਿ 27 ਸਤੰਬਰ ਨੂੰ 'ਭਾਰਤ ਬੰਦ' ਦੌਰਾਨ ਦੇਸ਼ ਵਿੱਚ ਸਭ ਕੁਝ ਬੰਦ ਰਹੇਗਾ।