ਚੰਡੀਗੜ੍ਹ: ਪੰਜਾਬ ਸਰਕਾਰ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਨੂੰ ਬੋਨਸ ਦੇਣ ਦੀ ਮੰਗ ਕੀਤੀ ਹੈ। ਮੋਦੀ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਕਈ ਐਲਾਨ ਕੀਤੇ ਹਨ ਪਰ ਅੰਨ੍ਹਦਾਤੇ 'ਤੇ ਪਈ ਬਿਪਤਾ ਨੂੰ ਟਾਲਣ ਲਈ ਕੋਈ ਹੁੰਗਾਰਾ ਨਹੀਂ ਭਰਿਆ। ਇਸ ਵਾਰ ਕਿਸਾਨਾਂ ਨੂੰ ਇੱਕ ਪਾਸੇ ਕਣਕ ਦੀ ਫਸਲ ਵੇਚਣ ਵਿੱਚ ਦਿੱਕਤ ਆ ਰਹੀ ਹੈ, ਉੱਤੋਂ ਮੌਸਮ ਵੀ ਕਾਫੀ ਨੁਕਸਾਨ ਕਰ ਰਿਹਾ ਹੈ।

ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਕਿਸਾਨਾਂ ਨੂੰ ਬੌਨਸ ਦੇਣ ਦੀ ਮੰਗ ਕੀਤੀ ਸੀ। ਮਹੀਨਾ ਬੀਤ ਜਾਣ ਦੇ ਬਾਵਜੂਦ ਮੋਦੀ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਸਰਕਾਰ ਨੂੰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਨੂੰ ਬੋਨਸ ਦੇਣ ਦੀ ਅਪੀਲ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਖਰਾਬ ਮੌਸਮ ਕਾਰਨ ਸੰਕਟ ਦੀ ਘੜੀ ਵਿੱਚ ਕਿਸਾਨਾਂ ਦੀ ਮਦਦ ਲਈ ਉਹ ਐਫਸੀਆਈ ਨੂੰ ਨਮੀ ਤੇ ਬਦਰੰਗ ਹੋਏ ਦਾਣੇ ਬਾਰੇ ਨਿਯਮਾਂ ਲਈ ਢਿੱਲ ਦੇਣ ਲਈ ਨਿਰਦੇਸ਼ ਦੇਵੇ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਪਾਸ ਦੇਣ ਸਬੰਧੀ ਪੱਖ-ਪਾਤ ਨੂੰ ਖ਼ਤਮ ਕਰਵਾਉਣ। ਕੋਰ ਕਮੇਟੀ ਨੇ ਇਹ ਮਤਾ ਵੀ ਪਾਸ ਕੀਤਾ ਕਿ ਪੰਜਾਬ ਸਰਕਾਰ ਨੂੰ ਸਿੱਧੀ ਨਗਦ ਰਾਸ਼ੀ ਦੇ ਕੇ ਖੇਤ ਮਜ਼ਦੂਰਾਂ ਤੇ ਦਿਹਾੜੀਦਾਰਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਸਾਰੇ ਨੀਲੇ ਕਾਰਡ ਧਾਰਕਾਂ ਦੇ ਤਿੰਨ ਮਹੀਨੇ ਲਈ ਬਿਜਲੀ ਦੇ ਬਿੱਲ ਮੁਆਫ਼ ਕਰਨੇ ਚਾਹੀਦੇ ਹਨ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਐਤਕੀਂ ਮੰਡੀਆ ਵਿੱਚ ਕਰੋਨਾ ਆਫ਼ਤ ਦੇ ਮੱਦੇਨਜ਼ਰ ਭੀੜ ਘਟਾਉਣ ਦੇ ਇਰਾਦੇ ਨਾਲ ਕੇਂਦਰ ਨੂੰ ਤਜਵੀਜ਼ ਭੇਜੀ ਸੀ ਕਿ ਜੇਕਰ ਕਿਸਾਨ ਆਪਣੇ ਘਰਾਂ ਵਿੱਚ ਫ਼ਸਲ ਨੂੰ ਕੁਝ ਅਰਸੇ ਲਈ ਭੰਡਾਰ ਕਰ ਲੈਣ ਤਾਂ ਉਨ੍ਹਾਂ ਨੂੰ ਬਦਲੇ ਵਿੱਚ 100 ਰੁਪਏ ਤੋਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਦਿੱਤਾ ਜਾਵੇ। ਹਰਿਆਣਾ ਸਰਕਾਰ ਨੇ ਵੀ ਇਸ ਤੋਂ ਪਹਿਲਾਂ ਅਜਿਹੀ ਤਜਵੀਜ਼ ਭੇਜੀ ਸੀ। ਕੇਂਦਰ ਸਰਕਾਰ ਦੀ ਮਾਲੀ ਹਾਲਤ ਪਹਿਲਾਂ ਹੀ ਕਾਫ਼ੀ ਪਤਲੀ ਪਈ ਹੋਈ ਹੈ ਤੇ ਹੁਣ ਤੱਕ ਕੇਂਦਰ ਤਰਫ਼ੋਂ ਕੋਈ ਹੁੰਗਾਰਾ ਨਾ ਭਰਨ ਤੋਂ ਸਾਫ਼ ਹੈ ਕਿ ਕੇਂਦਰ ਇਸ ਮਾਮਲੇ ’ਤੇ ਪ੍ਰਵਾਨਗੀ ਨਹੀਂ ਦੇਵੇਗਾ। ਬਹੁਤੇ ਕਿਸਾਨ ਇਸ ਬੋਨਸ ਦੀ ਆਸ ਵਿੱਚ ਬੈਠੇ ਸਨ। ਉਨ੍ਹਾਂ ਘਰਾਂ ਵਿੱਚ ਫ਼ਸਲ ਭੰਡਾਰਨ ਕਰਨ ਵਾਸਤੇ ਯੋਜਨਾਬੰਦੀ ਵੀ ਕਰ ਲਈ ਸੀ।