ਗਗਨਦੀਪ ਸ਼ਰਮਾ

ਅੰਮ੍ਰਿਤਸਰ: ਪੰਜਾਬ 'ਚ ਕਣਕ ਦੀ ਵਾਢੀ ਦਾ ਸੀਜ਼ਨ ਜਾਰੀ ਹੈ ਪਰ ਇਸ ਦੇ ਨਾਲ ਨਾਲ ਅਸਮਾਨ 'ਚ ਦਿਸਦੀ ਬੱਦਲਵਾਈ ਤੇ ਹਲਕੀ ਕਿਣਮਿਣ ਨਾਲ ਕਿਸਾਨਾਂ ਦੀ ਚਿੰਤਾ ਹੋਰ ਵੱਧ ਗਈ ਹੈ।

ਮਾਝੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੱਛੜ ਕੇ ਸ਼ੁਰੂ ਹੋਈ ਵਾਢੀ ਦੇ ਸੀਜ਼ਨ ਦੌਰਾਨ ਬਾਰਿਸ਼ ਪਹਿਲਾਂ ਹੀ ਕਿਸਾਨਾਂ ਦੀ ਵਾਢੀ ਨੂੰ ਪ੍ਰਭਾਵਿਤ ਕਰ ਚੁੱਕੀ ਹੈ ਤਾਂ ਹੁਣ ਲਗਾਤਾਰ ਹੋ ਰਹੀ ਬਾਰਿਸ਼ ਦੇ ਨਾਲ ਕਿਸਾਨਾਂ ਨੂੰ ਝਾੜ ਘੱਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਭਾਵੇਂਕਿ ਸਰਕਾਰ ਵੱਲੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਬੰਪਰ ਹੋਵੇਗਾ। ਪਰ ਬਾਰਿਸ਼ ਨੇ ਕਿਸਾਨਾਂ ਦੇ ਸੁਪਨਿਆਂ ਤੇ ਪਾਣੀ ਫੇਰਨ ਦਾ ਕੰਮ ਕੀਤਾ ਹੈ। ਪਿਛਲੇ ਹਫ਼ਤੇ ਹੋਈ ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਸੀ।

ਉਸ ਤੋਂ ਬਾਅਦ ਅੱਜ ਸਵੇਰ ਤੋਂ ਹੋਈ ਬਦਲਵਾਈ ਨਾਲ ਕਿਸਾਨ ਫਿਰ ਸਿਹਮੇ ਹੋਏ ਹਨ ਅਤੇ ਝਾੜ ਘੱਟਣ ਦੀ ਸੰਭਾਵਨਾ ਦੇ ਚੱਲਦੇ ਹੁਣ ਉਹ ਸਰਕਾਰ ਕੋਲੋਂ ਬੋਨਸ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਦੇ ਚਿਹਰਿਆਂ ਤੇ ਵੀ ਸ਼ਿਕਨ ਦਿਸਣੀ ਸ਼ੁਰੂ ਹੋ ਗਈ ਹੈ। ਆੜ੍ਹਤੀਆਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਜੇਕਰ ਬੱਦਲਵਾਈ ਇਸੇ ਤਰਾਂ ਹੀ ਬਣੀ ਰਹੀ ਤਾਂ ਕਿਸਾਨ ਗਿੱਲੀ ਫ਼ਸਲ ਹੀ ਵੱਢ ਸਕਦਾ ਹੈ ਕਿਉਂਕਿ ਪਹਿਲਾਂ ਹੀ ਕਿਸਾਨ ਡਰਿਆ ਹੋਇਆ ਹੈ।

ਸੂਬੇ ਦੇ ਵਿੱਚ ਕਰੋਨਾਵਾਇਰਸ ਦੇ ਕਾਰਨ ਕਰਫਿਊ ਲੱਗਾ ਹੋਇਆ ਹੈ ਅਤੇ ਕਿਸਾਨ ਪਾਸ ਹਾਸਲ ਕਰਕੇ ਹੀ ਮੰਡੀਆਂ ਦੇ ਵਿੱਚ ਆਪਣੀ ਫਸਲ ਲਿਆ ਰਹੇ ਹਨ। ਅਜਿਹੇ ਦੇ ਵਿੱਚ ਬਾਰਿਸ਼ ਅਤੇ ਬੱਦਲਵਾਈ ਅੜਿੱਕਾ ਡਾਹ ਸਕਦੀ ਹੈ। ਆੜ੍ਹਤੀਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਪਾਸ ਘੱਟ ਮਾਤਰਾ ਵਿੱਚ ਜਾਰੀ ਕੀਤੇ ਜਾ ਰਹੇ ਹਨ।

ਜਿਸ ਕਾਰਨ ਮੰਡੀ ਦੇ ਵਿੱਚ ਕਣਕ ਦੀ ਫ਼ਸਲ ਦੀ ਆਮਦ ਬਹੁਤ ਘੱਟ ਹੋ ਰਹੀ ਹੈ। ਜੋ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ। ਸਰਕਾਰ ਨੂੰ ਮੰਡੀ ਦੇ ਵਿੱਚ ਕਿਸਾਨਾਂ ਨੂੰ ਤੇ ਗੱਲਬਾਤ ਮੁਤਾਬਕ ਪਾਸ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਫਸਲ ਸਮੇਂ ਤੇ ਸਾਂਭੀ ਜਾ ਸਕੇ। ਜੋ ਕਿ ਆੜ੍ਹਤੀਏ ਪਹਿਲਾਂ ਹੀ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਜਾਰੀ ਗਾਈਡ ਲਾਈਨਜ਼ ਦੇ ਮੁਤਾਬਕ ਕੰਮ ਕਰ ਰਹੇ ਹਨ ਅਤੇ ਅਨਾਜ ਮੰਡੀਆਂ ਦੇ ਵਿੱਚ ਹਰ ਗੱਲ ਦਾ ਖਿਆਲ ਰੱਖਿਆ ਜਾ ਰਿਹਾ ਹੈ।