ਫਤਿਹਗੜ੍ਹ ਸਾਹਿਬ: ਪਿੰਡ ਬਛੌਛੀ ਵਿੱਚ ਇੱਕ ਨੌਜਵਾਨ ਨੇ ਬਾਰਸ਼ ਤੋਂ ਪ੍ਰਭਾਵਿਤ ਫਸਲ ਦਾ ਝਾੜ ਘੱਟ ਮਿਲਣ ਕਰਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਗੁਰਵਿੰਦਰ ਸਿੰਘ (30) ਪੁੱਤਰ ਭਾਗ ਸਿੰਘ ਵਜੋਂ ਹੋਈ ਹੈ। ਕਿਸਾਨ ਨੇ ਆਪਣੇ ਘਰ ਅੰਦਰ ਹੀ ਕਮਰੇ ਦੀ ਛੱਤ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਮ੍ਰਿਤਕ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਗੁਰਵਿੰਦਰ ਉਨ੍ਹਾਂ ਦਾ ਛੋਟਾ ਮੁੰਡਾ ਸੀ ਤੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਸੀ। ਖੇਤੀ ਦੇ ਨਾਲ-ਨਾਲ ਉਹ ਟਰੱਕ ਡ੍ਰਾਈਵਰੀ ਵੀ ਕਰਦਾ ਸੀ। ਪਿਛਲੇ ਦਿਨੀਂ ਹੋਈ ਲਗਾਤਾਰ ਬਾਰਸ਼ ਕਾਰਨ ਉਨ੍ਹਾਂ ਦੀ ਫ਼ਸਲ ਦਾ ਕਾਫੀ ਨੁਕਸਾਨ ਹੋ ਗਿਆ ਸੀ ਜਿਸ ਕਾਰਨ ਫਸਲ ਤੋਂ ਬਹੁਤ ਘੱਟ ਝਾੜ ਮਿਲਿਆ। ਇਸ ਵਜ੍ਹਾ ਕਰਕੇ ਗੁਰਵਿੰਦਰ ਕਾਫੀ ਪ੍ਰੇਸ਼ਾਨ ਰਹਿੰਦਾ ਸੀ।

ਉਨ੍ਹਾਂ ਦੱਸਿਆ ਕਿ 19 ਅਕਤੂਬਰ ਦੀ ਸ਼ਾਮ ਘਰ ਦੀਆਂ ਮਹਿਲਾਵਾਂ ਹੀ ਘਰ ਵਿੱਚ ਹੀ ਸਨ ਤੇ ਗੁਰਵਿੰਦਰ ਦੀ ਪਤਨੀ ਪੇਕੇ ਘਰ ਗਈ ਹੋਈ ਸੀ। ਇਸੇ ਦੌਰਾਨ ਗੁਰਵਿੰਦਰ ਦੀ ਭਰਜਾਈ ਸੁਖਵਿੰਦਰ ਨੇ ਉਸਨੂੰ ਤੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਫੋਨ ’ਤੇ ਦੱਸਿਆ ਕਿ ਗੁਰਵਿੰਦਰ ਨੇ ਫਾਹਾ ਲੈ ਲਿਆ ਹੈ। ਇਸ ਪਿੱਛੋਂ ਗੁਰਵਿੰਦਰ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਭਾਗ ਸਿੰਘ ਨੇ ਗੁਰਵਿੰਦਰ ਦੀ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।