ਹੁਣ ਫਲਾਈਟ 'ਚ ਮਿਲੇਗੀ ਵਾਈਫਾਈ ਦੀ ਸੁਵਿਧਾ, ਸਰਕਾਰ ਨੇ ਦਿੱਤੀ ਮਨਜ਼ੂਰੀ
ਏਬੀਪੀ ਸਾਂਝਾ | 02 Mar 2020 04:56 PM (IST)
ਨਵੀਂਆਂ ਸੇਵਾਵਾਂ ਪੇਸ਼ ਕਰਨ ਤੋਂ ਬਾਅਦ ਯਾਤਰੀ ਫਲਾਈਟ 'ਚ ਫ਼ਿਲਮਾਂ ਦੇਖ ਸਕਦੇ ਹਨ, ਦੋਸਤਾਂ ਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਨ ਤੇ ਇੰਟਰਨੈੱਟ 'ਤੇ ਹੋਰ ਕੰਮ ਵੀ ਕਰ ਸਕਦੇ ਹਨ। ਸਰਕਾਰ ਨੇ ਫੈਸਲਾ ਲਿਆ ਹੈ, ਹੁਣ ਏਅਰਲਾਈਨਾਂ ਨੂੰ ਇਹ ਫੈਸਲਾ ਕਰਨਾ ਹੈ ਕਿ ਉਹ ਵਾਈ-ਫਾਈ ਕਦੋਂ ਦੇਣਗੇ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਸਰਕਾਰ ਨੇ ਘਰੇਲੂ ਉਡਾਣਾਂ 'ਚ ਜਹਾਜ਼ ਅੰਦਰ ਵਾਈ-ਫਾਈ ਜ਼ਰੀਏ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਲਿਆ ਹੈ। ਹੁਣ ਏਅਰਲਾਈਨਾਂ ਨੂੰ ਇਹ ਫੈਸਲਾ ਕਰਨਾ ਹੈ ਕਿ ਉਹ ਵਾਈ-ਫਾਈ ਕਦੋਂ ਦੇਣਗੇ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ "ਪਾਇਲਟ-ਇਨ-ਕਮਾਂਡ ਫਲਾਈਟ ਵਿੱਚ ਜਹਾਜ਼ 'ਚ ਸਵਾਰ ਮੁਸਾਫਰਾਂ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦੀ ਆਗਿਆ ਦੇ ਸਕਦੀ ਹੈ। ਇਹ ਇਜ਼ਾਜ਼ਤ ਸਿਰਫ ਤਾਂ ਹੀ ਦਿੱਤੀ ਜਾਏਗੀ ਜਦੋਂ ਮੋਬਾਈਲ ਫੋਨ, ਲੈਪਟਾਪ ਜਾਂ ਹੋਰ ਉਪਕਰਣ ਜਿਸ ਵਿੱਚ ਇੰਟਰਨੈਟ ਦੀ ਵਰਤੋਂ ਕੀਤੀ ਜਾਣੀ ਹੈ, ਉਹ ਫਲਾਈਟ ਮੋਡ 'ਤੇ ਹੋਣਗੀਆਂ।" ਪਿਛਲੇ ਸ਼ੁੱਕਰਵਾਰ ਐਵਰੇਟ ਵਿੱਚ ਆਪਣੇ ਪਹਿਲੇ ਬੋਇੰਗ 787-9 ਜਹਾਜ਼ ਦੀ ਸਪੁਰਦਗੀ ਕਰਦੇ ਹੋਏ ਵਿਸਤਾਰਾ ਦੇ ਸੀਈਓ ਲੈਸਲੀ ਥਿੰਗ ਨੇ ਕਿਹਾ ਕਿ ਇਹ ਇੰਡੀਆ 'ਚ ਪਹਿਲਾ ਜਹਾਜ਼ ਹੋਵੇਗਾ ਜੋ ਫਲਾਈਟ ਵਿੱਚ ਵਾਈ-ਫਾਈ ਸੇਵਾਵਾਂ ਪ੍ਰਦਾਨ ਕਰੇਗਾ। ਜਦਕਿ, ਵਾਈ-ਫਾਈ ਸੇਵਾਵਾਂ ਮੁਫਤ ਨਹੀਂ ਮਿਲੇਗੀ ਕਿਉਂਕਿ ਏਅਰਲਾਈਨਾਂ ਨੂੰ ਕੁਨੈਕਟੀਵਿਟੀ ਉਪਕਰਣਾਂ ਨੂੰ ਸਥਾਪਤ ਕਰਨ ਲਈ ਬਹੁਤ ਸਾਰਾ ਖ਼ਰਚ ਕਰਨਾ ਪਏਗਾ।