ਬਠਿੰਡਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹਨ, ਪਰ ਦੂਸਰੇ ਪਾਸੇ ਕਿਸਾਨਾਂ ਨਾਲ ਸ਼ਰੇਆਮ ਲੁੱਟ ਹੋ ਰਹੀ ਹੈ। ਬਠਿੰਡਾ ਦੀ ਦਾਣਾ ਮੰਡੀ 'ਚ ਨਰਮਾ ਲੈ ਕੇ ਆਏ ਕਿਸਾਨਾਂ ਨਾਲ ਪ੍ਰਾਈਵੇਟ ਫਰਮਾਂ ਵੱਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਨਰਮੇ ਦੀ ਐਮਐਸਪੀ 5114 ਦੀ ਥਾਂ ਫਰਮਾ ਵੱਲੋਂ 4600 ਰੁਪਏ ਪ੍ਰਤੀ ਕੁਇੰਟਲ ਹੀ ਨਰਮੇ ਦੀ ਖ਼ਰੀਦ ਕੀਤੀ ਜਾ ਰਹੀ ਹੈ।


ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਤਸਰ ਤੋਂ ਵਿਧਾਇਕ ਰੋਜ਼ੀ ਬਰਕੰਦੀ ਦੀ ਅਗਵਾਈ ਵਿੱਚ ਬਠਿੰਡਾ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਸਮੇਤ ਵਰਕਰਾਂ ਨੂੰ ਲੈ ਕੇ ਸਥਾਨਕ ਦਾਣਾ ਮੰਡੀ ਵਿੱਚ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਪੰਜਾਬ ਤੇ ਕਪਾਹ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਕਿਸਾਨਾਂ ਦੇ ਹੱਕ ਲਈ ਗੱਲਬਾਤ ਕੀਤੀ ਗਈ।



ਪੰਜਾਬ ਦੀ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਰੋਜ਼ੀ ਬਰਕੰਦੀ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹਨ ਪਰ ਅੱਜ ਆਪਣੀ ਫਸਲ ਲੈ ਕੇ ਮੰਡੀ ਆਏ ਕਿਸਾਨਾਂ ਨਾਲ ਪ੍ਰਾਈਵੇਟ ਫਰਮਾਂ ਲੁੱਟ ਕਰ ਰਹੀਆਂ ਹਨ। ਇਸ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।


ਹਰਸਿਮਰਤ ਬਾਦਲ ਵੱਲੋਂ ਦਿੱਤੇ ਅਸਤੀਫੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ 70 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੇਂਦਰੀ ਵਜ਼ਾਰਤ ਦੇ ਮੰਤਰੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਪਣੀ ਕੁਰਸੀ ਵੀ ਤਿਆਗ ਦਿੱਤੀ ਗਈ।