ਪਵਨਪ੍ਰੀਤ ਕੌਰ ਦੀ ਰਿਪੋਰਟ

ਚੰਡੀਗੜ੍ਹ: ਕਿਸਾਨ ਅੰਦੋਲਨ ਦੀ ਵੱਡੀ ਮਾਰ ਕਾਰਪੋਰੇਟ ਘਰਾਣਿਆਂ ਨੂੰ ਵੀ ਝੱਲਣੀ ਪੈ ਰਹੀ ਹੈ। ਪੰਜਾਬ ਤੇ ਹਰਿਆਣਾ 'ਚ ਲਗਾਤਾਰ ਕਿਸਾਨਾਂ ਦੇ ਸਮਰਥਨ 'ਚ ਲੋਕਾਂ ਵੱਲੋਂ ਰਿਲਾਇੰਸ ਜੀਓ ਦੇ ਟਾਵਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ ਜਾਂ ਫਿਰ ਜੀਓ ਦੀਆਂ ਸਿਮ ਬੰਦ ਕਰਕੇ ਅੰਬਾਨੀਆਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਵਿੱਚ ਜੀਓ ਦੇ ਮੋਬਾਈਲ ਟਾਵਰਾਂ ‘ਤੇ ਟੈਲੀਫ੍ਰੇਮਡ ਤੇ ਸੰਚਾਰ ਸੇਵਾਵਾਂ ਨੂੰ ਰੋਕਣ ਦਾ ਮਾਮਲਾ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ।

ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਨੇ ਪੰਜਾਬ ਵਿੱਚ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਤੇ ਸੰਚਾਰ ਸੇਵਾਵਾਂ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਕੰਪਨੀ ਨੇ ਜੀਓ ਇਨਫੋਕਾਮ ਦੁਆਰਾ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਕਿ ਉਹ ਤੁਰੰਤ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਤੋੜ-ਫਰੋੜ ਦੀਆਂ ਗੈਰ ਕਾਨੂੰਨੀ ਘਟਨਾਵਾਂ ਨੂੰ ਰੋਕਣ ਦੇ ਆਦੇਸ਼ ਦਿੱਤੇ ਜਾਣ। ਕੰਪਨੀ ਨੇ ਤੋੜਫੋੜ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਕਿਸਾਨ ਅੰਦੋਲਨ ਦੀ ਵੱਡੀ ਜਿੱਤ! ਰਿਲਾਇੰਸ ਕੰਪਨੀ ਦਾ ਐਲਾਨ, ਕੰਟਰੈਕਟ ਫ਼ਾਰਮਿੰਗ ਨਹੀਂ ਕਰਾਂਗੇ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਬਦਮਾਸ਼ਾਂ ਵੱਲੋਂ ਕੀਤੀ ਗਈ ਨਾਜਾਇਜ਼ ਕਾਰਵਾਈ ਤੇ ਹਿੰਸਕ ਕਾਰਵਾਈ ਕਾਰਨ ਕੰਪਨੀ ਦੇ ਹਜ਼ਾਰਾਂ ਕਰਮਚਾਰੀਆਂ ਦੀਆਂ ਜ਼ਿੰਦਗੀਆਂ ਖ਼ਤਰੇ 'ਚ ਪੈ ਗਈਆਂ ਹਨ। ਇਸ ਦੇ ਨਾਲ ਹੀ ਦੋਵਾਂ ਰਾਜਾਂ ਵਿੱਚ ਸਹਾਇਕ ਕੰਪਨੀਆਂ ਦੁਆਰਾ ਚਲਾਏ ਜਾ ਰਹੇ ਮਹੱਤਵਪੂਰਨ ਸੰਚਾਰ ਬੁਨਿਆਦੀ ਢਾਂਚੇ, ਵਿਕਰੀ ਤੇ ਸੇਵਾ ਆਉਟਲੈਟਾਂ ਦੇ ਰੋਜ਼ਾਨਾ ਕੰਮਕਾਜ ਵਿੱਚ ਵਿਘਨ ਪਿਆ ਹੈ।

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਕਾਰੋਬਾਰਾਂ 'ਚ ਸ਼ਾਮਲ ਬਦਮਾਸ਼ਾਂ ਨੂੰ ਸਾਡੇ ਕਾਰੋਬਾਰੀ ਵਿਰੋਧੀਆਂ ਅਤੇ ਸਵਾਰਥੀ ਤੱਤਾਂ ਵੱਲੋਂ ਭੜਕਾਇਆ ਜਾ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਦਾ ਫਾਇਦਾ ਉਠਾਉਂਦਿਆਂ, ਇਨ੍ਹਾਂ ਸਵਾਰਥੀ ਅਨਸਰਾਂ ਨੇ ਰਿਲਾਇੰਸ ਖ਼ਿਲਾਫ਼ ਨਿਰੰਤਰ ਖਤਰਨਾਕ ਤੇ ਘ੍ਰਿਣਾਯੋਗ ਮੁਹਿੰਮ ਚਲਾਈ ਹੈ, ਜਿਸ ਦਾ ਸੱਚ ਨਾਲ ਕੋਈ ਲੈਣਾ ਦੇਣਾ ਨਹੀਂ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ