ਫ਼ਰੀਦਕੋਟ: ਇੱਥੋਂ ਮੈਂਬਰ ਲੋਕ ਸਭਾ ਮੁਹੰਮਦ ਸਦੀਕ ਨੇ ਅੱਜ ਐਮਪੀ ਲੈਂਡ ਫੰਡ ਵਿੱਚੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੂੰ ਕਰੀਬ 17 ਲੱਖ ਰੁਪਏ ਦੀ ਲਾਗਤ ਵਾਲੀ ਅਤਿ-ਆਧੁਨਿਕ ਸਿਹਤ ਸਹੂਲਤਾਂ ਵਾਲੀ ਐਂਬੂਲੈਂਸ ਭੇਟ ਕੀਤੀ। ਮੁਹੰਮਦ ਸਦੀਕ ਨੇ ਇਹ ਐਂਬੂਲੈਂਸ ਵੀਸੀ ਡਾ. ਰਾਜ ਬਹਾਦਰ ਡਾਕਟਰ ਰੋਹਿਤ ਚੋਪੜਾ ਤੇ ਸੂਰਜ ਭਾਰਦਵਾਜ ਦੀ ਹਾਜ਼ਰੀ ਵਿੱਚ ਲੁਧਿਆਣਾ ਤੋਂ ਫਰੀਦਕੋਟ ਲਈ ਰਵਾਨਾ ਕੀਤੀ।
ਇਸ ਮੌਕੇ ਐਮਪੀ ਫ਼ਰੀਦਕੋਟ ਮੁਹੰਮਦ ਸਦੀਕ ਨੇ ਕਿਹਾ ਕਿ ਪੂਰਾ ਵਿਸ਼ਵ ਤੇ ਸਾਡਾ ਦੇਸ਼ ਕੋਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਮੌਕੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ-ਆਪਣੇ ਵਿੱਤ ਮੁਤਾਬਕ ਮਦਦ ਕਰੀਏ। ਉਨ੍ਹਾਂ ਕਿਹਾ ਕਿ ਇਹ ਅਤਿ ਆਧੁਨਿਕ ਐਂਬੂਲੈਂਸ ਵਿੱਚ ਵੈਂਟੀਲੇਟਰ ਤੇ ਸਿਹਤ ਸੰਬੰਧੀ ਹੋਰ ਕਈ ਤਰ੍ਹਾਂ ਦੇ ਆਧੁਨਿਕ ਉਪਕਰਨ ਵੀ ਮੌਜੂਦ ਹਨ। ਜਿਨ੍ਹਾਂ ਨਾਲ ਬਾਬਾ ਫ਼ਰੀਦ ਯੂਨੀਵਰਸਿਟੀ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਭਾਰੀ ਸਿਹਤ ਸਹੂਲਤਾਂ ਵਿੱਚ ਵਾਧਾ ਹੋਵੇਗਾ।



ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਰਗੀ ਮਹਾਮਾਰੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣਾ ਯੋਗਦਾਨ ਦੇਣ ਤੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਆਪਣੇ ਘਰਾਂ ਵਿੱਚ ਹੀ ਰਹਿਣ।