ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ 'ਚੋਂ ਮਿਲੀ ਬਹੁ ਕਰੋੜੀ ਡਰੱਗ ਫੈਕਟਰੀ ਦੇ ਮਾਮਲੇ ਦੇ 'ਚ ਐਸਟੀਐਫ ਦੀ ਕਾਰਵਾਈ ਲਗਾਤਾਰ ਜਾਰੀ ਹੈ। ਇਸ ਮਾਮਲੇ 'ਚ ਐਸਟੀਐਫ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਹੋਇਆ ਗ੍ਰਿਫ਼ਤਾਰ ਕੀਤੇ ਅੰਕੁਸ਼ ਅਰੋੜਾ ਦੇ ਘਰੋਂ ਸਵਾ ਤਿੰਨ ਹੈਰੋਇਨ ਬਰਾਮਦ ਕੀਤੀ ਹੈ।


ਅੰਮ੍ਰਿਤਸਰ ਦੀ ਹੋਲੀ ਸਿਟੀ 'ਚ ਸਥਿਤ ਅੰਕੁਸ਼ ਅਰੋੜਾ ਦੇ ਘਰੋਂ ਇੱਕ ਅਲਮਾਰੀ ਵਿੱਚੋਂ ਬਰਾਮਦ ਹੋਈ ਹੈਰੋਇਨ ਦੇ ਨਾਲ ਐਸਟੀਐਫ ਨੂੰ ਅਮੋਨੀਆ ਐਸਿਡ, ਹਾਈਡ੍ਰੋਕਲੋਰਿਕ ਐਸਿਡ, ਚਾਰਕੋਲ ਤੇ ਹੋਰ ਮਟੀਰੀਅਲ ਬਰਾਮਦ ਹੋਇਆ ਹੈ ਜਿਸ ਨਾਲ ਹੈਰੋਇਨ ਤਿਆਰ ਕੀਤੀ ਜਾਂਦੀ ਸੀ।

ਐਸਸੀਐਫ ਦੇ ਏਆਈਜੀ ਰਛਪਾਲ ਸਿੰਘ ਮੁਤਾਬਕ ਅੰਕੁਸ਼ ਅਰੋੜਾ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਤੇ ਹੈਰੋਇਨ ਬਰਾਮਦ ਕੀਤੀ। ਐਸਟੀਐਫ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਹੈਰੋਇਨ ਬਣਾਉਣ ਦਾ ਕੰਮ ਜਾਣਦੇ ਹਨ ਤੇ ਪੁਲਿਸ ਨੇ ਇਸ ਮਾਮਲੇ 'ਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਹੋਰ ਹੈਰੋਇਨ ਦੀ ਰਿਕਵਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਹਨ।